Editorial April 2010 – ਗੁਰੂ ਨਿੰਦਕਾਂ ਦੀ ਜੁੰਡਲੀ ਦਾ ਸਰਗਨਾ – ਜੋਗਿੰਦਰ ਸਾਹਣੀ!

ਗੁਰੂ ਨਿੰਦਕਾਂ ਦੀ ਜੁੰਡਲੀ ਦਾ ਸਰਗਨਾ – ਜੋਗਿੰਦਰ ਸਾਹਣੀ!
ਨਸੀਹਤਾਂ – ਦਲੀਲਾਂ – ਅਪੀਲਾਂ ਸਮਾਪਤ – ਹੁਣ ਤਾਂ ਫੈਸਲੇ ਦੀ ਘੜੀ

ਸ੍ਰ ਗੁਰਚਰਨਜੀਤ ਸਿੰਘ ਲਾਂਬਾ

ਜੋਗਿੰਦਰ ਸਾਹਣੀ  – ਗੁਰੂ ਨਿੰਦਕਾਂ ਦੀ ਜੁੰਡਲੀ ਦਾ ਸਰਗਨਾ।  ਸਚਿਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਾਵਨ ਮਰਯਾਦਾ ਦਾ ਕੋਝਾ ਮਜ਼ਾਕ ਉਡਾੳਣ, ਅਠ੍ਹਾਰਵੀਂ ਸਦੀ ਵਿਚ ਸਿਖ ਪੰਥ ਦੀ ਆਨ ਸ਼ਾਨ ਅਤੇ ਅਜ਼ਮਤ ਲਈ ਜੂਝਣ ਵਾਲੇ ਸੂਰਮਿਆਂ ਨੂੰ ‘ਜੰਗਲੀ’ ਤਕ ਕਹਿਣ, ਸ੍ਰੀ ਅਕਾਲ ਤਖਤ ਸਾਹਿਬ  ਨੂੰ ਅਦਾਲਤ ਵਿਚ ਲਿਜਾਣ  ਅਤੇ ਸ੍ਰੀ ਦਸਮ ਬਾਣੀ ਦੇ ਨਿੰਦਕ ਕਾਲੇ ਅਫਗ਼ਾਨੇ ਆਦਿ ਦਾ ਮੁਖਰ ਹਿਮਾਇਤੀ ਹੋ ਕੇ ਗੁਰੂ ਪੰਥ ਨਾਲ ਮੱਥਾਂ ਡਾਹੁਣ ਦੀ ਹਿਮਾਕਤ ਕਰਨ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਇਸ ਨੂੰ  ਪੰਥ ਵਿਚੋਂ ਛੇਕ ਦੇਣ ਦੇ ਬਾਵਜੂਦ ਇਹ ਗੁਰੂ ਨਿੰਦਾ ਦੀਆਂ ਘਿਨਾੳਣੀਆਂ ਹਰਕਤਾਂ ਤੋਂ ਬਾਜ ਨਹੀਂ ਆਇਆ  ਬਲਕਿ ਆਪਣੇ ਨੌਸਰਬਾਜਾਂ ਦੀ ਜੁੰਡਲੀ ਵਿਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਮੁਖੀ ਤਰਸੇਮ ਸਿੰਘ ਮਿਸ਼ਨਰੀ, ਸਚਿਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਗ੍ਰੰਥੀ ਦੇ ਅਹੁਦੇ ਤੋਂ ਬਾਰ ਬਾਰ ਨਕਾਰਿਆ ਅਤੇ ਰਦ ਕੀਤਾ ਜਗਤਾਰ ਸਿੰਘ ਜਾਚਕ ਅਤੇ ਦਰਸ਼ਨ ਸਿੰਘ ਰਾਗੀ ਨੂੰ ਸ਼ਾਮਿਲ ਕਰ ਲਿਆ। “ਖਵਾਜੇ ਦਾ ਗਵਾਹ ਡੱਡੂ” ਇਹ ਖੁਦ ਸਾਰੀ ਭੈਰੋ ਮੰਡਲੀ ਦਾ ਸਪੋਕਸਮੈਨ ਬਣ ਗਿਆ।

ਪਿਛਲੇ ਇਕ ਦਹਾਕੇ ਤੋਂ ਵਧ ਸਮਾਂ ਤਕ ਇਹ ਜੁੰਡਲੀ ਆਪਣੇ ਮਿਸ਼ਨਰੀ ਹਿਮਾਇਤੀਆਂ ਨਾਲ ਪੰਥਕ ਪਿੜ ਵਿਚ ਨੰਗੀ ਹੋ ਕੇ ਨੱਚੀ। ਗੁਰੂ ਕੇ ਸੁੱਤੇ ਹੋਏ “ਸਿੰਘ” ਨੂੰ ਇਹਨਾਂ ਮਰਿਆ ਹੋਇਆ ਸਮਝ ਲਿਆ। ਸਿਖ ਰਹੁਰੀਤ, ਰਹਿਤ ਮਰਿਯਾਦਾ, ਨਿਤਨੇਮ, ਅੰਮ੍ਰਿਤ, ਗੁਰ ਇਤਿਹਾਸ, ਪਰੰਪਰਾਵਾਂ ਦਾ ਮਜ਼ਾਕ ਉਡਾਂਦਿਆਂ  ਉਡਾਂਦਿਆਂ ਇਹ ਹੁਣ ਸਿੱਧੇ ਤੌਰ ਤੇ ਜੁਗੋ-ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੀ ਹਮਲਾਵਰ ਹੋ ਗਏ।

ਜਿਵੇਂ ਤਸਕਰ ਤੇ ਸਮਗਲਰ ਦੂਜੇ ਪਾਸੇ ਦੀ ਚੌਕਸੀ ਪਰਖਣ ਲਈ ਪਹਿਰੇ ਅਧੀਨ ਕੰਡਿਆਲੀਆਂ ਤਾਰਾਂ ਚੋਂ ਪਹਿਲਾਂ ਕੁੱਤੇ ਲੰਘਾਂਦੇ ਹਨ। ਇਸ ਟੋਲੇ ਵਲੋਂ ਵੀ ਪਹਿਲਾਂ ਜਗਤਾਰ ਸਿੰਘ ਜਾਚਕ ਰਾਹੀਂ ਇਕ ਲੇਖ ਲਿਖਵਾਇਆ ਗਿਆ ਕਿ ਦਮਦਮਾ ਸਾਹਿਬ ਵਿਚ ਗੁਰੂ ਕਲਗੀਧਰ ਪਿਤਾ ਵਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਵਾਣ ਦੀ ਪਰੰਪਰਾ ਗਲਤ ਹੈ ਤੇ ਅਸਲੀ ਦਮਦਮਾ ਸਾਹਿਬ  ਕੋਈ ਹੋਰ ਹੀ ਹੈ।

ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਦੇ ਸਥਾਨ ਨੂੰ ਚੁਣੌਤੀ ਦੇਣ ਤੋਂ ਬਾਅਦ ਹੁਣ ਇਹਨਾਂ ਨੇ ਨਿਸ਼ਾਨਾ ਸਾਧਿਆ ਪਾਵਨ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਦੀ ਸ਼ਤਾਬਦੀ ਅਤੇ ਸਥਾਨ ਸਚਿਖੰਡ ਸ੍ਰੀ ਹਜ਼ੂਰ ਸਾਹਿਬ ਵਲ। ਨਿਸ਼ਾਨਾ ਗੁਰੂ ਗ੍ਰੰਥ ਸਾਹਿਬ ਨਾਲ ਸੰਬੰਧਤ ਹਰ ਪਾਵਨ ਸਥਾਨ ਬਾਰੇ ਦੁਬਿਧਾ, ਹਿਕਾਰਤ ਅਤੇ ਗੁਰੂ ਨਿੰਦਾ ਪੈਦਾ ਕੀਤੀ ਜਾਵੇ।

ਗੁਰੂ ਗ੍ਰੰਥ ਸਾਹਿਬ ਸਿੱਖਾਂ ਦੀ ਹਲਤ-ਪਲਤ ਦਾ ਰਾਖਾ ਹੈ। ਇਹ ਇਸਦੀ ਸਾਹ-ਰਗ ਹੈ। ਇਹ ਧੁਰਾ ਹੈ ਤੇ ਸਿੱਖ ਇਸਦੇ ਆਲੇ-ਦੁਆਲੇ ਪਰਿਕ੍ਰਮਾ ਕਰਣ ਵਾਲਾ ਉਪਗ੍ਰਿਹ। ਗੁਰੂ ਗ੍ਰੰਥ ਸਾਹਿਬ ਦੀਆਂ ਪਰਿਕ੍ਰਮਾ, ਲਾਵਾਂ ਦੇ ਪੰਥਕ ਵਿਧਾਨ ਦੀਆਂ ਧੱਜੀਆਂ ਉਡਾਈਆਂ ਦਿੱਲੀ ਗੁਰਦੁਆਰਾ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਤਰਸੇਮ ਸਿੰਘ ਨੇ,  ਗੁਰਦੁਆਰਾ ਰਕਾਬ ਗੰਜ ਸਾਹਿਬ ਵਿਚ ਲਾੜੀ ਨੂੰ ਅੱਗੇ ਅਤੇ ਲਾੜੇ ਨੂੰ ਪਿੱਛੇ ਲਵਾ ਕੇ ਲਾਵਾਂ ਕਰਵਾ ਕੇ । ਇਹ ਹੈ ਧਰਮ ਪ੍ਰਚਾਰ ਦਾ ਅਸਲੀ ਨਿਸ਼ਾਨਾ।

ਪਰ ਹੁਣ ਤਾਂ ਸਦਾਕਤ-ਸਕਾਫਤ ਅਤੇ ਸ਼ਰਾਫਤ ਦੀਆਂ ਸਾਰੀਆਂ ਹੱਦ ਬੰਦੀਆਂ ਪਾਰ ਕਰਦਿਆਂ ਹੋਇਆਂ ਇਹ ਕਹਿ ਰਹੇ ਹਨ ਕਿ ‘300 ਸਾਲ ਗੁਰੂ ਦੇ ਨਾਲ’ ਕਹਿਣ ਵਾਲਿੳ ਇਹ ਤੁਹਾਡਾ ਗੁਰੂ ਹੀ ਨਹੀਂ।

ਕੁਝ ਸਾਲ ਪਹਿਲਾਂ ਕਲਕੱਤਾ ਹਾਈ ਕੋਰਟ ਦੀ ਰਜਿਸਟਰੀ ਵਿਚ ਕਿਸੇ ਵਿਅਕਤੀ ਨੇ ਇਸਲਾਮ ਦੀ ਪਵਿੱਤਰ ਕਿਤਾਬ ‘ਕੁਰਆਨ ਮਜੀਦ’ ਦੇ ਵਿਰੁੱਧ ਅਰਜ਼ੀ ਦਾਖਲ ਕੀਤੀ। ਇਹ ਅਰਜ਼ੀ ਹਾਲੇ ਜੱਜਾਂ ਦੇ ਸਾਹਮਣੇ ਪੇਸ਼ ਵੀ ਨਹੀਂ ਸੀ ਹੋਈ ਪਰ ਜ਼ਬਰਦਸਤ ਮੁਜ਼ਾਹਰਿਆਂ  ਕਰਕੇ ਇਹ ਅਰਜ਼ੀ ਰੱਦੀ ਦੀ ਟੋਕਰੀ ਦੇ ਸੁਪਰਦ ਕਰਨੀ ਪਈ।

ਪੰਥਕ ਆਤਾਬ ਅਤੇ ਰੋਹ ਨੂੰ ਵੇਖਦਿਆਂ ਹੁਣ ਸਪੋਕਸਮੈਨ ਆਪਣਿਆਂ ਚਮਚਿਆਂ  ਜਾਚਕ ਅਤੇ ਹੋਰ ਮਿਸ਼ਨਰੀਆਂ ਕੋਲੋਂ ਧਮਕੀ ਭਰੀਆਂ ਲਿਲਕੜੀਆਂ ਲੈ ਰਿਹਾ ਹੈ ਕਿ ਇਸ ‘ਤੇ 295A ਦਾ ਪਰਚਾ ਦਰਜ ਨਾ ਕੀਤਾ ਜਾਏ ਅਤੇ ਬੈਠ ਕੇ ਗਲ ਬਾਤ ਕਰ ਲਈ ਜਾਏ।

ਜਿਸ ਸ਼ਖਸ ਨੂੰ ਧਾਰਮਿਕ ਤੌਰ ਤੇ ਸਜ਼ਾਏ ਮੌਤ ਵਰਗੀ ਪੰਥ ਤੋਂ  ਛੇਕ ਦੇਣ ਦੀ ਆਤਮਿਕ ਮੌਤ ਦੀ ਮਜ਼ਾ ਮਿਲ ਚੁਕੀ ਹੋਵੇ ਉਸ ਨਾਲ ਹੁਣ ਧਾਰਮਿਕ ਤੌਰ ਤੇ ਕੀ ਗਲ ਹੋ ਸਕਦੀ ਹੈ। ਧਰਮ ਦਾ ਕੁੰਡਾ ਤਾਂ ਧਾਰਮਿਕ ਵਿਅਕਤੀ ਲਈ ਹੈ। ਗੁਰੂ ਨਿੰਦਕ, ਨਾਸਤਿਕ ਜਾਂ ਮਿਸ਼ਨਰੀਆਂ ਲਈ ਨਹੀਂ।

ਲਬੋਂ ਪੇ ਰੰਗ ਉਲਫਤ ਕੇ ਭਰੇ ਹੈਂ ਦਿਲ ਕਦੂਰਤ ਸੇ।
ਖੁਦਾ ਕੀ ਬਾਤ ਕਰਤੇ ਹੋ ਖੁਦਾ ਸੇ ਕੌਨ ਡਰਤਾ ਹੈ।

ਕੀ ਹਰਨਾਖਸ਼ ਨੂੰ, ਤਪੇ ਨੂੰ, ਮਸੰਦਾਂ ਨੂੰ, ਚੰਦੂ ਨੂੰ ਗਲ-ਬਾਤ ਨਾਲ ਨਹੀਂ ਸੀ ਸਮਝਾਇਆ ਜਾ ਸਕਦਾ। ਗੁਰੂ ਨਿੰਦਕ ਲਈ ਤਾਂ ਧਾਰਮਿਕ ਸਜ਼ਾ ਦਾ ਵਿਧਾਨ ਬਹੁਤ ਹੀ ਸਖਤ ਹੈ ਤੇ ਬਰਦਾਸ਼ਤ ਨਹੀਂ ਹੋਣਾ। ਇਹਨਾਂ ਲਈ ਤਾਂ 295A ਹੀ ਕਾਫੀ ਹੈ।

ਆਪਣੀ ਸ਼ਾਤਰ ਬੁੱਧੀ ਮੁਤਾਬਿਕ ਹੁਣ ਇਹ ਆਪਣੀ ਗੁਰੂ ਨਿੰਦਾ ਨੂੰ ਵਧਾੳਦਿਆਂ ਕਹਿ ਰਿਹਾ ਹੈ ਕਿ ਜੇਕਰ ਕੋਰਟ ਵਿਚ ਕੇਸ ਗਿਆ ਤਾਂ ਇਹ ਆਪਣੇ ਗੁਰੂ ਨਿੰਦਾ ਵਾਲੇ ਸੰਪਾਦਕੀ ਨੂੰ ਸਾਬਤ ਕਰੇਗਾ। 295A ਦੀ ਧਾਰਾ ਦਾ ਵਿਧਾਨ ਤਾਂ ਬਹੁਤ ਸਪਸ਼ਟ ਹੈ ਕਿ ਕਿਸੇ ਵਿਅਕਤੀ ਦੀ ਧਾਰਮਿਕ ਭਾਵਨਾ, ਆਸਥਨਾ, ਵਿਸ਼ਵਾਸ, ਸਿਦਕ, ਭਰੋਸੇ ਦਾ ਕਾਰਣ ਕੁਝ ਵੀ ਹੋਵੇ ਜੇ ਕੋਈ ਦੂਸਰਾ ਵਿਅਕਤੀ ਉਸਦੇ ਇਸ ਵਿਸ਼ਵਾਸ ਅਤੇ ਸਿਦਕ ਨੂੰ ਠੇਸ ਪਹੁੰਚਾਂਦਾ ਹੈ ਤੇ ਉਸਨੂੰ ਸਲਾਖਾਂ ਦੇ ਪਿੱਛੇ ਜਾਣਾ ਹੀ ਪੈਣਾ ਹੈ।

ਗੁਰੂ ਕੇ ਸਿੱਖ ਲਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨਿਰੰਕਾਰ ਦਾ ਸੁਰਗਣ ਸਰੂਪ ਹੈ। ਇਹ ਉਸਦੇ ਜੀਵਨ ਦਾ ਆਧਾਰ ਹੈ ਅਤੇ ਸ਼ਕਤੀ ਦਾ ਦਾਤਾ ਹੈ। ਇਹ ਦਸਾਂ ਪਾਤਸ਼ਾਹੀਆਂ ਦੀ ਜੋਤ ਹੈ। ਇਸ ਬਾਰੇ ਰਤਾ ਜਿਹੀ ਟਿਪਣੀ ਵੀ ਬਰਦਾਸ਼ਤ ਨਹੀਂ ਕੀਤੀ ਜਾ   ਸਕਦੀ। ਇਹ ਗੁਰੂ ‘ਤੇ ਹਮਲਾ ਹੈ ਤੇ ਉਹ ਸਿੱਖ ਹੀ ਕਿਹੜਾ ਹੋਇਆ ਜੋ ਗੁਰੂ ‘ਤੇ ਹੋਏ ਹਮਲੇ ਨੂੰ ਬਰਦਾਸ਼ਤ ਕਰ ਲਵੇ।

‘ਕਿਹ ਆਬ ਅਜ਼ ਸਰਗੁਜ਼ਸ਼ਸਤ
ਕਿਹ ਯਕ    ਨੇਜ਼ਾ ਕਿ ਯਕ ਦਸਤ

ਜੇ ਪਾਣੀ ਸਿਰ ਤੋਂ ਲੰਘ ਜਾਵੇ ਤਾਂ ਫਿਰ ਇਹ ਭਾਵੇਂ ਇਕ ਗਿੱਠ ਲੰਘ ਜਾਵੇ ਜਾਂ ਇਕ ਨੇਜ਼ੇ ਜਿੰਨਾ। ਕੀ ਫਰਕ ਪੈਦਾ ਹੈ?

ਇਕ ਹੋਰ ਖੇਖਣ ਹੁਣ ਇਹ ਜਾਚਕ-ਤਰਸੇਮ ਵੱਲੋਂ ਕਰਵਾ ਰਿਹਾ ਹੈ ਕਿ ਇਸਨੇ ਗੁਰੂ ਨਿੰਦਾ ਵਾਲੀ ਲਿਖਤ ਵਾਪਸ ਲੈਣ ਦੀ ੳਦਾਰਤਾ ਵਿਖਾ ਦਿੱਤੀ ਹੈ ਅਤੇ “ਖਿਮਾ ਯਾਚਨਾ” ਵੀ ਕਰ ਲਈ ਹੈ ਸੋ ਹੁਣ ਕਾਨੂੰਨੀ ਕਾਰਵਾਈ ਨਾ ਕੀਤੀ ਜਾਏ। “ਨਾਢੂ ਕਿਹਾ ਗਧੇ ਯੇਹ ਹਿਕਮਤ ਤੁਮਕੋ ਪਹਿਲੇ ਕਿਉਂ ਨਾ ਆਈ” ਜਦੋਂ ਸਪੋਕਸਮੈਨ ਨੇ ਚੰਡੀਗੜ੍ਹ ਦੀ ਅਦਾਲਤ ਵਿਚ ਸ੍ਰੀ ਅਕਾਲ ਤਖਤ ਸਾਹਿਬ ਅਤੇ ਇਸਦੇ ਜਥੇਦਾਰ ਤੇ ਇਸਨੂੰ ਛੇਕਣ ਵਾਲੇ ਹੁਕਮਨਾਮੇ ਦੇ ਖਿਲਾਫ ਮੁੱਕਦਮਾ ਕਰਜ਼ ਕੀਤਾ ਸੀ, ਉਸ ਵੇਲੇ ਇਹ ਨਹੀਂ ਸੀ ਪਤਾ?

ਧਾਰਮਿਕ ਤੌਰ ਤੇ ਇਸਨੂੰ ਹੋਰ ਸਜ਼ਾ ਨਹੀਂ ਦਿੱਤੀ ਜਾ ਸਕਦੀ ਤੇ ਤਾਜ਼ਿਰਾਤੇ-ਹਿੰਦ, ਭਾਰਤੀ ਦੰਡਾਵਲੀ ਵਿਚ ਮਾਫੀ ਦੀ ਕੋਈ ਮੱਦ ਹੈ ਹੀ  ਨਹੀਂ। ਹਾਂ ਸਜ਼ਾ ਜ਼ਰੂਰ ਮਿਲ ਸਕਦੀ ਹੈ।

ਅਲਬੱਤਾ ਇਕ ਸੁਹਿਰਦ ਰਾਏ ਜ਼ਰੂਰ ਹੈ ਕਿ ਜੋਗਿੰਦਰ-ਦਰਸ਼ਨ-ਤਰਸੇਮ-ਜਾਚਕ ਦੀ ਜੁੰਡਲੀ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਸਹੀ ਮਨ ਨਾਲ ਖਿਮਾ ਯਾਚਨਾ ਕਰ ਲੈਣ ਤੇ ਅੱਗੇ ਤੋਂ ਤੌਬਾ ਕਰਣ। ਸ਼ਾਇਦ ਦਯਾਵਾਨ ਗੁਰੂ-ਪੰਥ ਯੋਗ ਤਨਖਾਹ ਲਗਾ ਕੇ ਬਖਸ਼ ਦੇਵੇ।

ਇਸ  ਸਾਰੇ ਦੇ ਬਾਵਜੂਦ ਹੁਣ ਇਹ ਹੱਕ ਅਤੇ ਫਰਜ਼ ਪੰਜਾਬ ਸਰਕਾਰ ਦਾ ਹੈ ਕਿ ਇਹੋ ਜਿਹੇ ਸਮਾਜ ਤੇ ਇਖਲਾਕ ਵਿਰੋਧੀ ਅਨਸਰਾਂ ਨੂੰ ਕਾਨੂੰਨ ਮੁਤਾਬਕ ਦੰਡਿਤ ਕਰ ਇਹਨਾਂ ਦਾ ਸ਼ੁਧੀਕਰਣ ਕਰੇ।

Leave a Reply

Your email address will not be published. Required fields are marked *