Editorial Dec 2010 – ਨਾਨਕਸ਼ਾਹੀ ਕੈਲੰਡਰ – ਹੁਣ ਕੂਚੀ ਦੀ ਨਹੀਂ ਵੱਡੇ ਬੁਰਸ਼ ਦੀ ਲੋੜ ਹੈ

ਨਾਨਕਸ਼ਾਹੀ ਕੈਲੰਡਰ – ਹੁਣ ਕੂਚੀ ਦੀ ਨਹੀਂ ਵੱਡੇ ਬੁਰਸ਼ ਦੀ ਲੋੜ ਹੈ

ਗੁਰਚਰਨਜੀਤ ਸਿੰਘ ਲਾਂਬਾ

ਗੁਰੂ ਨਾਨਕ ਸਾਹਿਬ ਦੇ ਨਾਮ ਤੇ ਲਾਗੂ ਕੀਤੇ ਨਾਨਕਸ਼ਾਹੀ ਕੈਲੰਡਰ ਦਾ ਆਪ ਸਹੇੜਿਆ ਭੰਬਲ ਭੂਸਾ ਹੁਣ ਇਸ ਹਦ ਤਕ ਵੱਧ ਚੁਕਾ ਹੈ ਕਿ ਮਾੜੀ ਮੋਟੀ ਪੋਚਾ ਪਾਚੀ ਜਾਂ ਠੋਕਾ ਠਾਕੀ ਨਾਲ ਇਹ ਸੂਤ ਨਹੀਂ ਆ ਸਕਦਾ। ਜੇ ਕਰ ਤਾਣੇ ਪੇਟੇ ‘ਚੋਂ ਇਕ ਅੱਧ ਤੰਦ ਖਰਾਬ ਹੋ ਜਾਏ ਤਾਂ ਉਸਨੂੰ ਸਹੀ ਕੀਤਾ ਜਾ ਸਕਦਾ ਹੈ ਪਰ ਜੇਕਰ ਸਾਰਾ ਤਾਣਾ ਹੀ ਉਲਝ ਗਿਆ ਹੋਵੇ ਤਾਂ ਉਸਨੂੰ ਇਸ ਤਰਾਂ ਸੂਤ ਵੀ ਨਹੀਂ ਕੀਤਾ ਜਾ ਸਕਦਾ। ਨਾਨਕਸ਼ਾਹੀ ਕੈਲੰਡਰ ਦੇ ਨਾਮ ਤੇ ਇਸ ਹਾਂਡੀ ਵਿਚ ਹਰ ਕਿਸੇ ਨੇ ਆਪਣੀ ਮਰਜ਼ੀ ਮੁਤਾਬਿਕ ਉਹ ਕੁਝ ਪਾ ਦਿੱਤਾ ਹੈ ਜਿਸ ਨਾਲ ਇਹ ਖਿੱਚੜ ਹੁਣ ਖਾਣ ਲਾਇਕ ਨਹੀਂ ਰਹਿ ਗਿਆ।  ਮਰਜ਼ ਬੜ੍ਹਤਾ ਹੀ ਗਿਆ, ਜਿਉਂ ਜਿਉਂ ਦਵਾ ਕੀ  ਦੇ ਮੁਤਾਬਕ ਹੁਣ ਇਸ ਪੰਥਕ ਕੈਨਵਸ ਤੇ ਬੇਤਰਤੀਬ ਤਰੀਕੇ ਨਾਲ ਸੁਟੇ ਹੋਏ ਰੰਗਾਂ ਦਾ ਹਲ ਕਿਸੇ ਮੁਸੱਵਰ ਜਾਂ ਚਿਤਰਕਾਰ ਦੀ ਕੂਚੀ ਵਿਚ ਨਹੀਂ ਬਲਕਿ ਹੁਣ ਇਥੇ ਇਕ ਵੱਡੇ ਬੁਰਸ਼ ਦੀ ਲੋੜ ਹੈ ਜਿਸ ਨਾਲ ਇਸ ਕੈਨਵਸ ਨੂੰ ਮੁੜ ਤੋਂ ਚਿੱਟੇ ਰੰਗ ਵਿਚ ਰੰਗ ਕੇ ਮੁੜ ਕੋਈ ਚਿਤਰਕਾਰੀ ਕੀਤੀ ਜਾ ਸਕੇ।  

ਮੁਢ ਕਦੀਮ ਅਤੇ ਸਨਾਤਨਤਾ ਦੀ ਕੁੱਖੋਂ ਜਨਮੇ ਧਰਮਾਂ ਦੇ ਪਰਾ-ਇਤਿਹਾਸਕ (pre-historic) ਅਵਤਾਰੀ ਮਹਾਂ-ਪੁਰਸ਼ਾਂ, ਜਿਹਨਾਂ ਦੀ ਜਨਮ ਤਿਥੀ ਤਾਂ ਦੱਸੀ ਜਾਂਦੀ ਸੀ ਪਰ ਕਿਸ ਸਾਲ, ਸਦੀ ਜਾਂ ਇਤਿਹਾਸ ਦੇ ਕਿਸ ਕਾਲ ਵਿਚ ਹੋ ਗੁਜ਼ਰੇ ਹਨ ਉਸਦਾ ਹਵਾਲਾ ਨਹੀਂ ਦਿੱਤਾ ਜਾਂਦਾ ਸੀ ਤੇ ਨਾ ਹੀ ਦਿੱਤਾ ਜਾ ਸਕਦਾ ਸੀ। ਹਾਂ ਸਤਿਜੁਗ, ਦਵਾਪਰ ਜਾਂ ਤ੍ਰੇਤੇ ਯੁਗ ਵਿਚ ਹੋ ਚੁਕੇ ਦੱਸੇ ਜਾਂਦੇ ਸਨ। ਪਰ ਇਹਨਾਂ ਦੇ ਪੈਰੋਕਾਰਾਂ ਨੇ ਆਪਣੇ ਇਹਨਾਂ ਭਗਵਾਨਾਂ   ਨੂੰ ਨਾ ਕੇਵਲ ਜਨਮ ਦੀ ਤਿਥੀ ਹੀ ਪ੍ਰਦਾਨ ਕੀਤੀ ਬਲਕਿ ਇਹਨਾਂ ਦੇ ਜਨਮ ਅਸਥਾਨ ਤਕ ਨੂੰ ਨਿਸਚਤ ਕਰਵਾ ਲਿਆ। ਇਹਨਾਂ ਨੇ ਆਪਣੇ ਮਿਥਿਹਾਸ ਨੂੰ ਨਾ ਕੇਵਲ ਇਤਿਹਾਸ ਵਿਚ ਹੀ ਤਬਦੀਲ ਕੀਤਾ ਬਲਕਿ ਇਸ ਮਿਥਿਹਾਸ ਨੂੰ ਜਮਾਬੰਦੀ ਅਤੇ ਅਦਾਲਤੀ ਮੋਹਰ ਤਕ ਵੀ ਲਗਵਾ ਦਿੱਤੀ। ਪਰ ਦੂਸਰੇ ਪਾਸੇ ਸਾਡੇ ਵਿਚ ਅੰਦਰੋਂ ਹੀ ਹਮਲਾਵਰ ਹੋਏ ਕੁਝ ਜ਼ਿਆਦਾ ਹੀ ਉਤਸ਼ਾਹੀ ਨਾਸਤਿਕ ਵਿਦਵਾਨਾਂ ਨੇ ਕੇਵਲ ਪੰਜ ਸੌ ਸਾਲ ਦੇ ਸਾਡੇ ਮਾਣ ਮੱਤੇ ਇਤਿਹਾਸ ਨੂੰ ਮਿਥਿਹਾਸ ਤੋਂ ਵੀ ਥੱਲੇ ਦਾ ਦਰਜਾ ਦਿਵਾਣ ਦੀ ਕੋਝੀ ਕੋਸ਼ਿਸ਼ ਕੀਤੀ ਹੈ।

ਹਾਲਾਂ ਕਿ ਸਾਡੇ ਪਾਸ ਇਤਿਹਾਸ ਦੇ ਸੋਮੇ ਜਿਵੇਂ ਕਿ ਸਮਕਾਲੀਨ ਸਾਖੀਆਂ, ਗੁਰਬਿਲਾਸ, ਮਹਿਮਾ ਪ੍ਰਕਾਸ਼, ਸੂਰਜ ਪ੍ਰਕਾਸ਼, ਪੰਥ ਪ੍ਰਕਾਸ਼, ਭਾਈ ਗੁਰਦਾਸ ਜੀ ਦੀਆਂ ਵਾਰਾਂ ਅਤੇ ਕਬਿੱਤ  ਆਦਿ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸ੍ਰੀ ਦਸਮ ਗ੍ਰੰਥ ਸਾਹਿਬ ਜੀ ਅਤੇ ਗੁਰੂ ਸਾਹਿਬ ਦੁਆਰਾ ਰਚਿਤ ਆਪਣੀ ਜਨਮ ਕਥਾ ਮੌਜੂਦ ਸਨ। ਪਰ ਇਹ ਸਭ ਕੁਝ ਜੋ ਕਿ ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਦਾ ਸਿੱਕੇ ਬੰਦ ਸੋਮਾ ਹੈ ਉਸਨੂੰ ਬੜੀ ਹੀ ਸ਼ਾਤਰਤਾ ਨਾਲ ਬ੍ਰਾਹਮਣ ਵਾਦੀ ਕਹਿ ਕਹਿ ਕੇ ਸ਼ੱਕੀ ਬਨਾਉਣ ਦੀ ਕੋਸ਼ਿਸ਼ ਕੀਤੀ ਗਈ।

ਕੀ ਇਹ ਘਟ ਦੁਖਦਾਈ ਗਲ ਹੈ ਕਿ ਖੰਡੇ ਦੀ ਧਾਰ ਤੋਂ ਜਨਮੇ ਖਾਲਸੇ ਦਾ ਵੈਸੇ ਤਾਂ ਮੁਸੀਬਤਾਂ, ਤਕਲੀਫ਼ਾਂ ਅਤੇ ਤਸ਼ਦੱਦ ਨਾਲ ਜਨਮ ਤੋਂ ਹੀ ਵਾਸਤਾ ਰਿਹਾ ਹੈ ਪਰ ਕਈ ਵਾਰ ਜਦੋਂ ਇਹ ਮੁਸੀਬਤਾਂ ਕਿਸੇ ਬਾਹਰਲੀ ਅਤੇ ਵਿਰੋਧੀ ਤਾਕਤ ਵਲੋਂ ਨਾ ਹੋ ਕੇ ਘਰ ਵਿਚੋਂ ਹੀ ਪੈਦਾ ਹੋਈ ਹੋਵੇ ਤਾਂ ਫ਼ਿਰ ਇਹ ਸ਼ਿਬਲੀ ਦੇ ਫ਼ੁਲ ਦੀ ਤਰਾਂ ਤਕਲੀਫ਼ ਦੇਹ ਸਾਬਿਤ ਹੁੰਦੀ ਹੈ। ਇਹ ਵੀ ਇਕ ਤਲਖ਼ ਸਚਾਈ ਹੈ ਕਿ ਮੌਜੂਦਾ ਦੌਰ ਦੇ ਜਿਤਨੇ ਵੀ ਭੰਬਲ ਭੂਸੇ ਨਜ਼ਰੀ ਪੈਂਦੇ ਹਨ ਉਹਨਾਂ ਅਤੇ ਇਸ ਮੌਜੂਦਾ ਨਾਨਕਸ਼ਾਰੀ ਕੈਲੰਡਰ ਦੀ ਸ਼ੁਰੂਆਤ ਅਤੇ ਤਹਿ ਵਿਚ ਨਾਸਤਿਕਤਾ ਦੇ ਪ੍ਰਚਾਰਕ ਅਤੇ ਪ੍ਰਸਾਰਕ ਕੁਝ ਮਿਸ਼ਨਰੀ ਅਤੇ ਚੰਡੀਗੜ ਗਰੁੱਪ ਦੇ ਉਹ ਬੁਧੀਜੀਵੀ ਹਨ ਜਿਹਨਾਂ ਦੀ ਪਛਾਣ ਸ੍ਰੀ ਅਕਾਲ ਤਖਤ ਸਾਹਿਬ ਨੇ ਕਰਕੇ ਉਹਨਾਂ ਵਿਰੁਧ ਪੰਥਕ ਕਾਰਵਾਈ ਵੀ ਕੀਤੀ ਹੈ।

ਨਾਨਕਸ਼ਾਹੀ ਸੰਮਤ ਹੁਣ ਤੋਂ ਹੀ ਨਹੀਂ ਬਲਕਿ ਸ਼ੁਰੂ ਤੋਂ ਹੀ ਪੰਥਕ ਦਸਤਾਵੇਜ਼ਾਂ ਵਿਚ ਵਰਤਿਆ ਜਾਂਦਾ ਰਿਹਾ ਹੈ।  ਪਿਛਲੀਆਂ ਦੋ ਸਦੀਆਂ ਵਿਚ ਛਪੇ ਕਈ ਇਤਿਹਾਸਕ ਗ੍ਰੰਥਾਂ ਉਤੇ ਇਹ ਸੰਮਤ ਅੰਕਤ ਹੈ। ਪਰ ਇਸ ਸੰਮਤ ਲਈ ਕੈਲੰਡਰ ਜਾਂ ਜੰਤਰੀ ਉਹੀ ਬਿਕ੍ਰਮੀ ਸੰਮਤ ਵਾਲੀ ਵਰਤੀ ਗਈ ਹੈ ਜਿਸਨੂੰ ਗੁਰੂ ਸਾਹਿਬ ਨੇ ਖੁਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅਤੇ ਸ੍ਰੀ ਦਸਮ ਗ੍ਰੰਥ ਸਾਹਿਬ ਵਿਚ ਅੰਕਤ ਬਾਣੀ ਲਈ ਵਰਤਿਆ ਹੈ। ਇਸ ਤੋਂ ਇਲਾਵਾ  ਗੁਰੂ ਸਾਹਿਬ ਦੇ ਹੁਕਮਨਾਮਿਆਂ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚ ਵੀ ਇਹੀ ਬਿਕ੍ਰਮੀ ਸੰਮਤ ਹੀ ਵਰਤਿਆ ਗਿਆ ਹੈ।  ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਬਚਨ ਕੀਤੇ,  ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ ॥ ਸਚ ਕੀ ਬਾਣੀ ਨਾਨਕੁ ਆਖੈ ਸਚੁ  ਸੁਣਾਇਸੀ ਸਚ ਕੀ ਬੇਲਾ ॥2॥3॥5॥ (ਗੁ.ਗ੍ਰੰ.ਸਾਹਿਬ 723) ।  ਭਾਈ ਗੁਰਦਾਸ ਜੀ ਨੇ ਵੀ ਇਸੇ ਸੰਮਤ ਦਾ ਜ਼ਿਕਰ ਕਰਦਿਆਂ ਲਿਖਿਆ,  ਕਾਰਤਕ ਮਾਸ ਰੁਤਿ ਸਰਦ ਪੂਰਨਮਾਸੀ । ਆਠ ਜਾਮ ਸਾਠਿ ਘਰੀ ਆਜੁ ਤੇਰੀ ਬਾਰੀ ਹੈ । (ਭਾਈ ਗੁਰਦਾਸ ਜੀ ਕਬਿੱਤ 345)  ਉਪਰੰਤ ਗੁਰੂ ਕਲਗੀਧਰ ਪਿਤਾ ਨੇ ਵੀ ਆਪਣੀ ਕਲਮ ਨਾਲ ਆਪਣੀ ਬਾਣੀ ਦੀ ਸੰਪੂਰਨਤਾ ਦੀ ਗਵਾਹੀ ਦਿੱਤੀ,  ਸੰਬਤ ਸਤ੍ਰਹ ਸਹਸ ਭਣਿਜੈ। ਅਰਧ ਸਹਸ ਫੁਨਿ ਤੀਨਿ ਕਹਿਜੈ। ਭਾਦ੍ਰਵ ਸੁਦੀ ਅਸਟਮੀ ਰਵਿ ਵਾਰਾ। ਤੀਰ ਸਤੁਦ੍ਰਵ ਗ੍ਰੰਥ ਸੁਧਾਰਾ। ੪੦੫।  ਗੁਰੂ ਸਾਹਿਬ ਨੇ ਵੀ ਇਹਨਾਂ ਤਿਥਾਂ, ਵਾਰਾਂ, ਦਿਹਾੜਿਆਂ ਦਿਵਾਲੀ, ਵਿਸਾਖੀ, ਮੱਸਿਆ, ਪੂਰਨਮਾਸ਼ੀ, ਸੰਗਰਾਂਦ, ਦਿਵਾਲੀ, ਹੋਲੀ ਦਾ ਜ਼ਿਕਰ ਕਰਤੇ ਦੀ ਉਸਤਿਤ ਹਿਤ ਇਕਤ੍ਰਤਾ ਲਈ ਵਰਤਿਆ ਅਤੇ ਪਰਵਾਨਤ ਕੀਤਾ ਹੈ।

ਇਸ ਬਿਕ੍ਰਮੀ ਸੰਮਤ ਦੇ ਸ੍ਰੋਤ ਕਿਸੇ ਹਿੰਦੂ ਧਰਮ ਗ੍ਰੰਥ, ਵੇਦ ਸ਼ਾਸਤ੍ਰ ਜਾਂ ਸਿਮ੍ਰਤੀਆਂ ਵਿਚ ਨਹੀਂ ਹਨ। ਅਲਬੱਤਾ ਹਿੰਦੂ ਰਾਜੇ ਵਿਕ੍ਰਮਾਦਿਤਯ ਵਲੋਂ ਇਹ ਸੰਮਤ ਅਰੰਭ ਕੀਤਾ ਗਿਆ। ਪਰ ਇਸ ਨਾਲ ਇਹ ਹਿੰਦੂ ਸੰਮਤ ਨਹੀਂ ਬਣ ਜਾਂਦਾ। ਜਿਸ ਤਰ•ਾਂ ਆਰਯਾਭੱਟ ਵਲੋਂ ਈਜਾਦ ਕੀਤੇ ਗਏ ਸ਼ੁੰਨ ਜਾਂ ਜ਼ੀਰੋ ਦੇ ਸਿਧਾਂਤ ਨੂੰ ਹਿੰਦੂ ਸਿਧਾਂਤ, ਨਿਉਟਨ ਦੇ ਧਰਤੀ ਵਿਚਲੀ ਕਸ਼ਿਸ਼  ਗਰੁਤਵ ਆਕਰਖਣ ਦੇ ਸਿਧਾਂਤ ਨੂੰ ਇਸਾਈ ਸਿਧਾਂਤ ਜਾਂ ਆਈਨਸਟੀਨ ਦੇ ਪਰਮਾਣੂ ਸਿਧਾਂਤ ਨੂੰ ਯਹੂਦੀ ਸਿਧਾਂਤ ਨਹੀਂ ਕਿਹਾ ਜਾ ਸਕਦਾ।  ਬਿਲਕੁਲ ਇਸੇ ਤਰਾਂ ਵਿਕ੍ਰਮਾਦਿਤਯ ਵਲੋਂ ਵੀ ਸ਼ੁਰੂ ਕੀਤੇ ਗਏ ਇਸ ਕੈਲੰਡਰ ਨੂੰ ਹਿੰਦੂ ਕੈਲੰਡਰ ਨਹੀਂ ਕਿਹਾ ਜਾ ਸਕਦਾ। ਇਹ ਤਾਂ ਨਿਰੋਲ  ਕੁਦਰਤ ਦੇ ਨਿਯਮਾਂ ਤੇ ਆਧਾਰਤ ਹੈ। ਦੂਸਰੇ ਪਾਸੇ ਜਿਹੜੇ ਕੈਲੰਡਰ ਨੂੰ ਨਾਨਕਸ਼ਾਹੀ ਕੈਲੰਡਰ ਕਹਿ ਕੇ ਕੌਮ ਨੂੰ ਦਿੱਤਾ ਜਾ ਰਿਹਾ ਹੈ ਉਹ ਪੁਰੇਵਾਲ ਸਾਹਿਬ ਦੇ ਖੁਦ ਦੇ ਕਥਨ ਮੁਤਾਬਿਕ ਪੋਪ ਗ੍ਰੈਗਰੀ ਦਾ ਤਿਆਰ ਕੀਤਾ ਈਸਾਈ ਕੈਲੰਡਰ ਹੈ।
ਕੌਮਾਂ ਨੂੰ ਤਬਦੀਲੀ ਦਾ ਅਧਿਕਾਰ ਹੈ ਪਰ ਬਿਨਾਂ ਕਾਰਣ ਹੀ ਗੁਰੂ ਸਾਹਿਬ ਵਲੋਂ ਸਥਾਪਿਤ, ਪ੍ਰਵਾਨਤ ਅਤੇ ਪ੍ਰਚਾਰਤ ਕੀਤੇ ਮੁੱਢਲੇ ਸਿਧਾਂਤਾਂ ਨੂੰ  ਚੋਣਵੇਂ ਬੁੱਧੀਜੀਵੀਆਂ ਦੀ ਇਕਤ੍ਰਤਾ ਵਿਚ ਪਾਸ ਕਰਕੇ ਇਸਨੂੰ ਪੰਥ ਵਿਚ ਬਿਖਮਤਾ ਅਤੇ ਭੰਬਲਭੂਸਾ ਪੈਦਾ ਕਰਨ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ। ਇਹ ਤਬਦੀਲੀ ਅੱਜ ਕੌਮ ਵਿਚ ਇਕ ਹਾਸੋਹੀਣੀ ਹੋ ਨਿਬੜੀ ਹੈ। ਜੋ ਹੁਣ ਸਾਬਿਤ ਹੋ ਚੁਕੀ ਹੈ।

ਪੰਥ ਦੇ ਪੁਰਾਤਨ ਗ੍ਰੰਥਾਂ ਦੇ ਰਚਨਹਾਰਿਆਂ ਅਤੇ ਮਹਾਨ ਇਤਿਹਾਸਕਾਰਾਂ ਜਿਵੇਂ ਸਰਦਾਰ ਰਤਨ ਸਿੰਘ ਭੰਗੂ, ਗਿਆਨੀ ਗਿਆਨ ਸਿੰਘ, ਕਰਮ ਸਿੰਘ ਹਿਸਟੋਰੀਅਨ, ਡਾ. ਗੰਡਾ ਸਿੰਘ,  ਡਾ. ਤਿਰਲੋਚਨ ਸਿੰਘ, ਸਰਦਾਰ ਕਿਰਪਾਲ ਸਿੰਘ, ਡਾ. ਹਰੀ ਰਾਮ ਗੁਪਤਾ, ਸਿਰਦਾਰ ਕਪੂਰ ਸਿੰਘ, ਸ਼੍ਰੋਮਣੀ ਕਮੇਟੀ, ਦਿਲੀ ਗੁਰਦੁਆਰਾ ਕਮੇਟੀ,  ਪੰਜਾਬ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਲਾਹੋਰ ਆਦਿ ਨੇ ਅਣਥੱਕ ਮਿਹਨਤ ਕਰਕੇ ਪੰਜਾਬ ਅਤੇ ਸਿੱਖ ਇਤਿਹਾਸ ਦੀਆਂ ਤਰੀਕਾਂ ਨੂੰ ਇਕ ਸਾਰਤਾ ਪ੍ਰਦਾਨ ਕੀਤੀ। ਲੋੜ ਤਾਂ ਕੇਵਲ ਇਹ ਸੀ ਕਿ ਇਹਨਾਂ ਇਤਿਹਾਸਕ ਹਵਾਲਿਆਂ ਦੇ ਤੁਲਨਾਤਮਕ ਚਾਰਟ ਹਿਜਰੀ ਸੰਮਤ, ਸ਼ਾਕਾ ਸੰਮਤ ਅਤੇ ਈਸਵੀ ਸੰਮਤ ਨਾਲ  ਤਿਆਰ ਕੀਤੇ ਜਾਂਦੇ ਪਰ ਇਸ ਦੇ ਉਲਟ ਸਾਰੇ ਹੀ ਪੁਰਾਤਨ ਹਵਾਲਿਆਂ ਨੂੰ ਨਿਰਸਤ ਕਰ ਕੇ ਇਕ ਸਮਝੌਤਾ ਵਾਦੀ ਅਤੇ  ਮਨ ਮਰਜ਼ੀ ਨਾਲ ਤੈ ਕੀਤੀਆਂ ਤਰੀਕਾਂ ਵਾਲਾ ਇਹ ਕੈਲੰਡਰ ਪੰਥ ਨੂੰ ਸੌਂਪਿਆ ਗਿਆ ਹੈ। ਇਸ ਨੇ ਸਾਰੇ ਹੀ ਪੁਰਾਣੇ ਇਤਿਹਾਸਕ ਹਵਾਲੇ ਅਤੇ ਗ੍ਰੰਥ ਬੇਮਾਅਨੀ ਕਰ ਦਿੱਤੇ ਹਨ। ਇਸ ਨਾਲ ਇਹ ਹੋਇਆ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਸਣੇ ਕੋਈ ਵੀ ਤਖਤ ਸਾਹਿਬ, ਸ਼੍ਰੋਮਣੀ ਕਮੋਟੀ, ਚੀਫ਼ ਖਾਲਸਾ ਦੀਵਾਨ, ਦਿੱਲੀ ਕਮੇਟੀ, ਪੰਜਾਬ ਸਰਕਾਰ, ਕੋਈ ਵੀ ਯੂਨੀਵਰਸਿਟੀ ਜਾਂ , ਕੋਈ ਹੋਰ ਸੰਸਥਾਂ ਹੁਣ ਨਿਸਚਤ ਤੌਰ ਤੇ ਨਹੀਂ ਕਹਿ ਸਕਦੀ ਕਿ ਗੁਰਪੁਰਬਾਂ ਦੀਆਂ ਸਹੀ ਮਿਤੀਆਂ ਕਿਹੜੀਆਂ ਹਨ।  ਇਹ ਤਾਂ ਉਹੀ ਗਲ ਹੋਈ ਕਿ ਸਾਰੀ ਜੰਞ ਕੁਪੱਤੀ ਸੁਥਰਾ ਭਲਾਮਾਣਸ ਹੈ।

ਇਕ ਹੋਰ ਹਾਸੋਹੀਣਾ ਪੱਖ ਇਹ ਹੈ ਕਿ ਸਰਦਾਰ ਪਾਲ ਸਿੰਘ ਪੁਰੇਵਾਲ ਵਲੋਂ ਈਜਾਦਤ ਇਹ ਕੈਲੰਡਰ ਅਖੌਤੀ ਨਾਨਕਸ਼ਾਹੀ ਕੈਲੰਡਰ ਸੀ ਕਿਉਂਕਿ  ਇਸ ਦੀ ਅਰੰਭਤਾ ਨਾ ਤਾਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਤੋਂ ਸੀ ਅਤੇ ਨਾ ਹੀ ਗੁਰੂ ਸਾਹਿਬ ਦੀਆਂ ਉਦਾਸੀਆਂ ਜਾਂ ਉਹਨਾਂ ਦੇ ਜੋਤੀ ਜੋਤਿ ਪੁਰਬ ਨਾਲ ਇਸਦਾ ਸਬੰਧ ਸੀ। ਇਸ ਦੇ ਨਾਲ ਹੀ ਇਸ ਅਖੌਤੀ ਨਾਨਕਸ਼ਾਹੀ ਕੈਲੰਡਰ ਦੀ ਅਰੰਭਤਾ ਦਾ ਗੁਰੂ ਗੋਬਿੰਦ ਸਿੰਘ ਜੀ, ਗੁਰੂ ਗ੍ਰੰਥ ਸਾਹਿਬ ਜਾਂ ਖਾਲਸੇ ਦੀ ਸਿਰਜਨਾ ਜਾਂ ਕਿਸੇ ਵੀ ਇਤਿਹਾਸਕ ਵਾਕਿਆ ਨਾਲ ਇਸ ਦਾ ਕੋਈ ਦੂਰ ਤਕ ਦਾ ਵੀ ਸੰਬਧ ਨਹੀਂ ਸੀ ਹਾਂ ਨਾਮ ਇਸ ਨੂੰ ਜ਼ਰੂਰ ਨਾਨਕਸ਼ਾਹੀ ਦੇ ਦਿੱਤਾ ਗਿਆ। ਹਰ ਸੰਮਤ ਸਿਵਾਏ ਨਾਨਕਸ਼ਾਹੀ ਸੰਮਤ ਕਿਸੇ ਘਟਨਾ ਤੋਂ ਸ਼ੂਰੂ ਹੁੰਦਾ ਹੈ। ਸੰਨ 1768 ਈਸਵੀ ਵਿਚ ਖਾਲਸੇ ਵਲੋਂ ਮੁਗਲ ਰਾਜ ਦੀਆਂ ਜੜਾਂ ਉਖੇੜਨ ਦੀ ਘਟਨਾ ਤੇ ਸਮਕਾਲੀਨ ਲਿਖਾਰੀ ਦਿਲ ਮੁਹੰਮਦ ਦਿਲਸ਼ਾਦ ਪਸਰੂਰੀ ਹਾਲ ਪਾਹਰਿਆ ਪਾਂਦਿਆਂ ਲਿਖਦਾ ਹੈ ਕਿ ਇਸ ਦਿਨ ਤੋਂ ਇਕ ਨਵਾਂ ਸੰਮਤ ”ਜਹਾਨੇ ਖਰਾਬ ਸ਼ੁਦਹ” (ਮੁਲਕ ਬਰਬਾਦ ਹੋ ਗਿਆ) ਦੇ ਨਾਮ ਤੇ ਸ਼ੂਰੂ ਕਰ ਦੇਣਾ ਚਾਹੀਦਾ ਹੈ।

ਭਾਰਤੀ ਸੰਸਕ੍ਰਿਤੀ ਦਾ ਚੰਦ੍ਰਾਇਣੀ ਸੰਮਤ ਬਿਕ੍ਰਮੀ ਚੇਤ੍ਰ ਵਦੀ  ਏਕਮ ਤੋਂ ਅਰੰਭ ਹੁੰਦਾ ਹੈ। ਗੁਰੂ ਸਾਹਿਬ ਨੇ ਵੀ ਤੁਖਾਰੀ ਅਤੇ ਮਾਂਝ  ਰਾਗ ਵਿਚ ਬਾਰਾ ਮਾਹੇ ਵੀ ਚੇਤ੍ਰ ਤੋਂ ਹੀ ਅਰੰਭ ਕੀਤੇ। ਇੱਥੇ ਸੰਗਰਾਂਦ ਦੀ ਅਰੰਭਤਾ ਕੁਦਰਤ ਦੇ ਉਸ ਨਿਯਮ ਤੇ ਨਿਸਚਤ ਕੀਤੀ ਗਈ ਸੀ ਜਦੋਂ ਸੂਰਜ ਇਕ ਰਾਸ਼ੀ ਚੋਂ ਦੂਜੀ ਰਾਸ਼ੀ ਵਿਚ ਪ੍ਰਵੇਸ਼ ਕਰਦਾ ਹੈ। ਪਰ ਪੁਰੇਵਾਲ ਸਾਹਿਬ ਦੇ ਇਸ ਤਥਾਕਥਿਤ ਨਾਨਕਸ਼ਾਹੀ ਕੈਲੰਡਰ ਵਿਚ ਸੰਗਰਾਂਦ ਤੈਅ ਕਰਣ ਦਾ ਆਧਾਰ ਗੁਰਬਾਣੀ, ਪੁਰਾਤਨ ਸ੍ਰੋਤ ਜਾਂ ਖਗੋਲ ਸ਼ਾਸਤ੍ਰ ਦਾ ਕੋਈ ਨਿਯਮ ਨਹੀਂ ਸੀ ਬਲਕਿ ਇਹ ਆਪਣੇ ਆਪ ਹੀ ਤੈ ਕਰ ਦਿੱਤੀ ਗਈ। ਹੁਣ ਪੁਰੇਵਾਲ ਸਾਹਿਬ ਨੂੰ ਪਤਾ ਸੀ ਕਿ ਇਸ ਅਖੌਤੀ ਸੰਗਰਾਂਦ ਦਾ ਕੋਈ ਕੁਦਰਤੀ ਆਧਾਰ ਨਹੀਂ ਹੈ ਇਸ ਲਈ ਨਾਨਕਸ਼ਾਹੀ ਕੈਲੰਡਰ ਦੀ ਭੂਮਿਕਾ ਵਿਚ ਆਪ ਨੇ ਇਸ ਨੂੰ ਪ੍ਰਵਿਸ਼ਟੇ ਲਿਖਿਆ,

ਸੰਗ੍ਰਾਂਦ ਦਾ ਕੀ ਅਰਥ ਹੈ ਅਤੇ ਇਹ ਗੁਰਦੁਆਰਿਆਂ ਵਿਚ ਕਿਉਂ ਮਨਾਈ ਜਾਂਦੀ ਹੈ ? – ਬਿਕ੍ਰਮੀ ਕੈਲੰਡਰ ਵਿਚ ਸੰਗ੍ਰਾਂਦਾਂ ਦਾ ਸੰਬੰਧ ਰਾਸ਼ੀਆਂ ਨਾਲ ਹੈ ਜਿਸ ਦਿਨ ਸੂਰਜ ਇਕ ਰਾਸ਼ੀ ‘ਚੋਂ ਨਿਕਲ ਕੇ ਅਗਲੀ ਰਾਸ਼ੀ ਵਿਚ ਪ੍ਰਵੇਸ਼ ਕਰਦਾ ਹੈ ਉਸ ਦਿਨ ਸੰਗ੍ਰਾਂਦ ਹੁੰਦੀ ਹੈ। ਨਾਨਕਸ਼ਾਹੀ ਕੈਲੰਡਰ ਵਿਚ ਮਾਹ ਅਰੰਭਤਾ (ਸੰਗ੍ਰਾਂਦਾਂ) ਦਾ ਰਾਸ਼ੀਆਂ ਨਾਲ ਕੋਈ ਸੰਬੰਧ ਨਹੀਂ ਹੈ। ਸ਼ਬਦ ‘ਅਰੰਭਤਾ’ ਮਹੀਨੇ ਦੀ ਪਹਿਲੀ ਤਾਰੀਖ ਲਈ ਵਰਤਿਆ ਹੈ, ਰਾਸ਼ੀ ਪ੍ਰਵੇਸ਼ ਲਈ ਨਹੀਂ। ਜਿਸ ਸਮੇਂ ਅੰਗ੍ਰੇਜ਼ੀ ਕੈਲੰਡਰ ਬਹੁਤ ਪ੍ਰਚੱਲਤ ਨਹੀਂ ਸੀ, ਤਾਰੀਖਾਂ (ਪ੍ਰਵਿਸ਼ਟੇ) ਸੰਗ੍ਰਾਂਦ ਦੇ ਦਿਨ ਤੋਂ ਗਿਣੀਆਂ ਜਾਣ ਕਾਰਨ ਅਤੇ ਸੰਗ੍ਰਾਂਦ ਗੁਰਦੁਆਰਿਆਂ ਵਿਚ ਮਨਾਉਣ ਕਾਰਨ, ਆਮ ਲੋਕਾਂ ਨੂੰ ਵੀ ਪਤਾ ਰਹਿੰਦਾ ਸੀ ਕਿ ਮਹੀਨਾ ਕਿੰਨੇ ਦਿਨ ਗਿਆ ਹੈ ਅਤੇ ਨਾਲ ਹੀ ਘੱਟੋ-ਘੱਟ ਇਕ ਦਿਨ ਗੁਰੂ-ਘਰ ਹਾਜ਼ਰੀ ਵੀ ਲੱਗ ਜਾਂਦੀ ਸੀ।  (ਪਾਲ ਸਿੰਘ ਪੁਰੇਵਾਲ)

ਇਸ ਤੋਂ ਇਲਾਵਾ ਇਸ ਕੈਲੰਡਰ ਵਿਚ ਬਾਕੀ ਮਿਤੀਆਂ ਵੀ ਮਨਮਰਜ਼ੀ ਨਾਲ ਹੀ ਸਮਝੌਤੇ ਅਧੀਨ ਤੈਅ ਕਰ ਦਿੱਤੀਆਂ ਗਈਆਂ ਹਨ। ਇਹ ਵਿਰਸੇ ਤੇ ਸਿੱਧਾ ਹਮਲਾ ਸੀ। ਬ੍ਰਾਹਮਣਵਾਦ ਕੋਲ ਦੋ ਸ਼ਕਤੀਆਂ ਬੜੀਆਂ ਪ੍ਰਬਲ ਸਨ। ਪਹਿਲੀ ਸ਼ਾਸਤ੍ਰਾਰਥ ਦੀ ਅਤੇ ਦੂਜੀ ਸਮਝੌਤਾਵਾਦ ਦੀ। ਇਹ ਪੁਰੇਵਾਲੀ ਨਾਨਕਸ਼ਾਹੀ ਕੈਲੰਡਰ ਦੀ ਬੁਨਿਆਦ ਇਹਨਾਂ ਦੋ ਸਿਧਾਂਤਾਂ ਤੇ ਹੀ ਨਿਰਭਰ ਹੈ। ਕਿਸੇ ਟਕਸਾਲ, ਜਥੇ, ਸਭਾ ਜਾਂ ਸੰਸਥਾ ਨੂੰ ਮੂਲ ਸਿਧਾਂਤ ਤੇ ਸਮਝੌਤੇ ਦੇ ਕੋਈ ਅਧਿਕਾਰ ਨਹੀਂ। ਜੇਕਰ ਤਾਂ ਕੈਲੰਡਰ ਜਾਂ ਜੰਤਰੀ ਗੁਰਬਾਣੀ ਅਤੇ ਕੁਦਰਤ ਦੇ ਨਿਯਮਾਂ ਅਨੁਸਾਰ ਹੈ ਤਾਂ ਇਹ ਪ੍ਰਵਾਨ ਹੋਣੀ ਹੀ ਚਾਹੀਦੀ ਹੈ। ਪਰ ਇਹ ਹੈ ਨਹੀਂ । ਇਸ ਲਈ ਹੁਣ ਕੌਮ ਨੂੰ ਸਦੀਵੀ ਤੌਰ ਤੇ ਭੰਬਲ ਭੂਸੇ   ਚੋਂ  ਕੱਢਣ ਲਈ ਸਪਸ਼ਟ ਐਲਾਨ ਕਰਣ ਦੀ ਲੋੜ ਹੈ ਕਿ ਜੋ ਸੰਮਤ ਗੁਰੂ ਸਾਹਿਬ, ਗੁਰਬਾਣੀ  ਅਤੇ ਸਿੱਖ ਇਤਿਹਾਸ ਵਲੋਂ ਪ੍ਰਵਾਨ ਹੈ ਉਸੇ ਨੂੰ ਮੁੜ ਲਾਗੂ ਕੀਤਾ ਜਾਏ।  ਫ਼ੌਜ ਵਿਚ ਜਦੋਂ ਪਰੇਡ ਕਰਵਾਂਦਿਆਂ ਕਦਮ ਨਾ ਮਿਲਣ ਤਾਂ ਟਰੁਪ ਕਮਾਂਡਰ ਹੁਕਮ ਦਿੰਦਾ ਹੈ, ਜੈਸੇ ਥੇ ਅਤੇ ਸਾਰੇ ਆਪਣੀ ਸ਼ੁਰੂ ਦੀ ਹਾਲਤ ਵਿਚ ਆ ਜਾਂਦੇ ਹਨ। ਹੁਣ ਵੀ ਪੰਥਕ ਤੌਰ ਤੇ ਜੈਸੇ ਥੇ  ਕਹਿ ਕੇ ਗੁਰੂ ਸਾਹਿਬ ਵਲੋਂ ਪ੍ਰਵਾਨਤ ਕੈਲੰਡਰ  ਲਾਗੂ ਕਰਣ ਦੀ ਲੋੜ ਹੈ। ਹੁਣ ਸੁਨਾਰ ਦੀ ਠੁੱਕ ਠੁੱਕ ਨਹੀਂ ਬਲਕਿ ਲੌਹਾਰ ਦੇ ਵਦਾਣ ਦੀ ਇਕੋ ਸੱਟ ਦੀ ਲੋੜ ਹੈ।

ਸੰਪਾਦਕੀ ਦਸੰਬਰ 2010
 

Leave a Reply

Your email address will not be published. Required fields are marked *