1984 ਘੱਲੂਘਾਰੇ ਦੀ ਯਾਦ – ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪੁਰਾਤਨ ਸਰੂਪ ਅਤੇ ਨਕਸ਼ਾ ਵੀ ਨਹੀਂ ਸਾਂਭ ਸਕੇ!!! (June 2011 Editorial)

ssjune2011ੴ ਵਾਹਿਗੁਰੂ ਜੀ ਕੀ ਫ਼ਤਹਿ ਹੈ॥

ਹਰ ਵਰ੍ਹੇ ਜੂਨ ਦਾ ਮਹੀਨਾ ਗੁਰੂ ਪੰਥ ਦੇ ਸਰੀਰ ਅਤੇ ਮਾਨਸਿਕਤਾ ’ਤੇ ਲੱਗੇ  ਟੀਸ, ਪੀੜਾ, ਦੁਖ, ਸੰਤਾਪ, ਵਿਸ਼ਵਾਸ-ਘਾਤ ਅਤੇ ਸਦਮੇ ਦੇ ਜ਼ਖਮਾਂ ਨੂੰ ਵਲੂੰਧਰ ਕੇ ਰਖ ਦਿੰਦਾ ਹੈ। ਇਹ ਦਿਨ ਹੈ ਹਲੀਮੀ, ਸਤਿਕਾਰ ਅਤੇ ਸ਼ਰਧਾ ਨਾਲ ਹੋਏ ਘੱਲੂਘਾਰੇ ਨੂੰ ਯਾਦ ਕਰਣ ਅਤੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹੋਣ ਦਾ। ਪਰ  ਸਾਡੀ ਠੀਢ ਮਾਨਸਿਕਤਾ ਇਸਦਾ ਵੀ ਰਤੀ ਭਰ ਅਹਿਸਾਸ ਕਬੂਲਣ ਲਈ ਤਿਆਰ ਨਹੀਂ ਜਾਪਦੀ।  ਹੁਣ ਨਿਰੋਲ ਰਾਜਨੀਤੀ ਅਤੇ ਚੋਣਾਂ ਨੂੰ ਮੁਖ ਰੱਖ ਕੁਝ ਵਿਅਕਤੀਆਂ ਅਤੇ ਧੜਿਆਂ ਵਲੋਂ ਇਹ ਸੁਨੇਹਾ ਅਤੇ ਬਿਆਨ ਦਿੱਤੇ ਜਾ ਰਹੇ ਹਨ ਕਿ ਜੇ 6 ਜੂਨ ਨੂੰ ਦਰਬਾਰ ਸਾਹਿਬ ਵਿਚ ਇਸ ਘੱਲੂਘਾਰੇ ਦੀ ਯਾਦ-ਗਾਰ ਨਾ ਕਾਇਮ ਕੀਤੀ ਗਈ ਤਾਂ ਉਹ ਖ਼ੁਦ ‘ਧੱਕੇ ਨਾਲ’ ਇਸ ਯਾਦ-ਗਾਰ ਦਾ ਨੀਂਹ ਪੱਥਰ ਰਖਣ ਗੇ। ਦਿਲਚਸਪ ਗ¤ਲ ਇਹ ਹੈ ਕਿ ਇਹ ਪਰੋਗਰਾਮ ਉਲੀਕਣ ਵਾਲੇ ਦਿੱਲੀ ਗੁਰਦੁਆਰਾ ਕਮੇਟੀ ਵਲੋਂ ਸੱਦੇ ਉਸ ਸੰਮੇਲਨ ਦਾ ਹਿੱਸਾ ਵੀ ਸਨ ਜਿਸਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਨੂੰ ਰੱਦ ਕਰ ਕੇ ਇਸਦੀ ਸਰਵੁੱਚਤਾ ਨੂੰ ਸਿੱਧੀ ਚੁਣੌਤੀ ਦੇਣ ਦੇ ਨਾਲ ਨਾਲ ਇਹ ਐਲਾਨ ਵੀ ਕੀਤਾ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬਰਾਸਤਾ ਤੇਜਾ ਸਿੰਘ ਸਮੁੰਦਰੀ ਹਾਲ ਦੇ ਹੀ ਪਹੁੰਚਿਆ ਜਾ ਸਕਦਾ ਹੈ।  ਸੋ ਇਸ ਐਲਾਨ ਅਤੇ ਪਰੋਗਰਾਮ ਦੀ ਮਨਸ਼ਾ ਅਤੇ ਨਿਸ਼ਾਨੇ ਪ੍ਰਤੀ ਕੋਈ ਵੀ ਸੰਦੇਹ ਬਾਕੀ ਨਹੀਂ ਰਹਿ ਜਾਂਦਾ।

ਸ੍ਰੀ ਹਰਿਮੰਦਿਰ ਸਾਹਿਬ ਨੂੰ ‘ਦਹਿਸ਼ਤ-ਗਰਦਾਂ’ ਤੋਂ ਮੁਕਤ ਕਰਾਉਣ ਦੇ ਨਾਮ ’ਤੇ ਭਾਰਤ ਸਰਕਾਰ ਵਲੋਂ 1984 ਦਾ ਸਾਕਾ ਨੀਲਾ ਤਾਰਾ ਸਿੱਖ ਇਤਿਹਾਸ ਦਾ ਇਕ ਅਭੁੱਲ ਅਤੇ ਦੁਖਦਾਈ ਘੱਲੂਘਾਰਾ ਹੈ। ਇਸਦੀ ਪੀੜਾ, ਤਕਲੀਫ਼ਾਂ, ਦੁਖ ਅਤੇ ਚੀਸ ਦੇ ਫੱਟ ਸ਼ਾਇਦ ਸਮੇਂ ਨਾਲ ਕੁਝ ਹੱਦ ਤਕ ਪੂਰੇ ਵੀ ਜਾਣ ਪਰ  ਇਸ ਹਮਲੇ ਕਾਰਣ ਹੋਏ ਵਿਰਸੇ, ਵਿਰਾਸਤ, ਇਤਿਹਾਸਕ ਯਾਦਾਂ ਅਤੇ ਯਾਦਗਾਰਾਂ ਦੀ ਹੋਈ ਅਜ਼ਮਤ-ਰੇਜ਼ੀ ਅਤੇ ਬਰਬਾਦੀ ਸਦੀਵੀ ਹੈ ਅਤੇ ਕਦੇ ਵੀ ਪੂਰੀ ਨਹੀਂ ਕੀਤੀ ਜਾ ਸਕੇ ਗੀ।  ਇਹ ਵੀ ਤਲਖ਼ ਸੱਚਾਈ ਹੈ ਕਿ ਫ਼ੌਜੀ ਹਮਲੇ ਨੇ ਸਾਰੇ ਦੇ ਸਾਰੇ ਦਰਬਾਰ ਸਾਹਿਬ ਪਰਿਸਰ ਤੇ ਇਸ ਤਰ੍ਹਾਂ ਹਮਲਾ ਕੀਤਾ ਜਿਵੇਂ ਕਿ ਇਹ ਦੁਸ਼ਮਣ ਦੇ ਖਤਰਨਾਕ  ‘ਅੱਡੇ’ ਹੋਣ ਅਤੇ ਇਹੀ ਸਮਝ ਰਾਹ ਵਿਚ ਆਉਂਦੀ ਹਰ ਇਮਾਰਤ, ਵਿਅਕਤੀ, ਯਾਦਗਾਰ, ਪਵਿੱਤਰ ਸਥਾਨ ਨੂੰ ਫ਼ੌਜੀ ਕਾਰਵਾਈ ਵਿਚ ਰੁਕਾਵਟ ਜਾਣ ਉਸ ਨੂੰ ਬੇਦਰਦੀ ਅਤੇ ਭਾਵਨਾ-ਰਹਿਤ ਢੰਗ ਨਾਲ ਬਰਬਾਦ ਕੀਤਾ।

ਦਰਬਾਰ ਸਾਹਿਬ ਤੋਂ ਕੁਝ ਕਦਮਾਂ ਦੀ ਵਿੱਥ ਤੇ ਜਲਿਆਂਵਾਲੇ ਬਾਗ ਦੇ ਵਿਚ ਗੋਲੀਆਂ ਦੇ ਨਿਸ਼ਾਨ ਹਾਲੇ ਵੀ ਸਾਂਭੇ ਪਏ ਹਨ। ਨਨਕਾਣਾ ਸਾਹਿਬ ਦੇ ਜਨਮ ਅਸਥਾਨ ਵਿਚ ਉਹ ਇਤਿਹਾਸਕ ਪਾਲਕੀ ਜਿੱਥੇ ਗੁਰੂ ਗ੍ਰੰਥ ਸਾਹਿਬ ਨੂੰ ਗੋਲੀ ਲੱਗੀ ਸੀ ਅਤੇ ਭਾਈ ਲਛਮਣ ਸਿੰਘ ਸ਼ਹੀਦ ਹੋਏ ਸਨ, ਉਹ ਵੀ ਸਾਂਭੀ ਹੋਈ ਹੈ (ਜੇ ਪੰਥਕ ਸੇਵਾਦਾਰਾਂ ਦਾ ਵੱਸ ਚਲਦਾ ਤਾਂ ਉਸਦੀ ਥਾਵੇਂ ਸੋਨੇ ਦੀ ਪਾਲਕੀ ਲਗ ਜਾਣੀ ਸੀ)। ਨਨਕਾਣਾ ਸਾਹਿਬ ਦੀ ਉਹ ਸ਼ਹੀਦੀ ਜੰਡ ਹਾਲੇ ਵੀ ਕਾਇਮ ਹੈ। ਪਰ ਸਾਡੇ ਆਪਣੇ ਵਲੋਂ ਅਤੇ ਆਪਣਿਆਂ ਵਲੋਂ ‘ਸੁੰਦਰੀਕਰਣ’ ਦੇ ਨਾਮ ਤੇ ਹੋਈ ਕਾਰਵਾਈ ਨੇ ਇਸ ਘੱਲੂਘਾਰੇ ਵਿੱਚੋਂ ਬਚੇ ਹੋਏ ਵਿਰਸੇ ਨੂੰ ਸੰਭਾਲਣ ਅਤੇ ਸਾਂਭਣ ਦੀ ਬਜਾਇ ਬੇਲਚਿਆਂ, ਹਥੋੜਿਆਂ, ਸੰਗਮਰਮਰ, ਚਿ¤ਟੇ ਪੇਂਟ ਨਾਲ ਲੈਸ ਹੋ ਇਹ ਨਿਸਚਤ ਕੀਤਾ ਕਿ ਕੋਈ ਵੀ ਪੁਰਾਣੀ ਯਾਦ ਜਾਂ ਯਾਦਗਾਰ, ਨਕਸ਼ਾ, ਚਿੱਤਰਕਾਰੀ, ਕਿੱਤੇ ਜਾਂ ਗੱਚ ਦਾ ਕੰਮ ਜੋ ਇਸ ਹਮਲੇ ਵਿਚ ਬਾਕੀ ਰਹਿ ਗਿਆ ਹੈ ਉਹ ਹੁਣ ਬਚਣਾ ਨਹੀਂ ਚਾਹੀਦਾ।

ਪਰ  ਇਸ ਹੋਏ ਨੁਕਸਾਨ ਦੀ ਪੀੜਾ ਤੋਂ ਵੱਧ ਸੰਵੇਦਨਸ਼ੀਲਤਾ,  ਅਫ਼ਸੋਸ ਅਤੇ ‘ਸਵੈ-ਧਿੱਕਾਰ’ ਇਸ ਗੱਲ ਦਾ ਹੈ ਕਿ ਇਸ  ਹੋਏ ਸਦੀਵੀ ਨੁਕਾਸਨ ਦਾ ਅਹਿਸਾਸ ਵੀ ਨਹੀਂ ਹੋ ਰਿਹਾ।  ਸਾਰਾ ਕੁਝ ਹੱਥੀਂ ਬਰਬਾਦ ਕਰ ਜਾਂ ਅਖੀਂ ਤਬਾਹ ਹੁੰਦਿਆਂ ਵੇਖ ਹੁਣ ਉਸ ਦੀ ਯਾਦਗਾਰ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ। ਦਰਬਾਰ ਸਾਹਿਬ ’ਤੇ ਹੋਏ ਹਮਲੇ ਦੇ ਤੁਰਤ ਬਾਅਦ ਰਾਸ਼ਟਰਪਤੀ ਜ਼ੈਲ ਸਿੰਘ ਨੇ ਦਰਬਾਰ ਸਾਹਿਬ ਦੀ ਹਦੂਦ ਵਿਚ ਬਿਆਨ ਦਿੱਤਾ ਸੀ ਕਿ ਹੁਣ ਇਹ ਅਕਾਲ ਤਖ਼ਤ ਸਾਹਿਬ ਪਹਿਲਾਂ ਨਾਲੋਂ ਵੱਡਾ ਅਤੇ ਸੋਹਣਾ ਬਣਾਇਆ ਜਾਏਗਾ।  ਕੀ ਇਸ ਆਦੇਸ਼ ਜਾਂ ਇੱਛਾ ’ਤੇ ਅਮਲ ਅਸੀਂ ਖ਼ੁਦ ਨਹੀਂ ਕੀਤਾ? ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿੰਘਾਸਨ ਦਾ ਨਕਸ਼ਾ  ਅਤੇ ਕੁਰਸੀ ਖ਼ੁਦ ਗੁਰੂ ਹਰਗੋਬਿੰਦ ਸਾਹਿਬ ਨੇ ਉਸਾਰੀ ਸੀ। ਸਾਂਨੂੰ ਕੀ ਹੱਕ ਸੀ ਕਿ ਉਸ ਅਕਾਲ ਤਖ਼ਤ ਸਾਹਿਬ ਦੀ ਕੁਰਸੀ ਨੂੰ ਦੋਹਾਂ ਪਾਸਿਆਂ ਤੋਂ ਵੀਹ ਵੀਹ ਫ਼ੁਟ ਵਧਾ ਦੇਣ ਦਾ। ਕਿਸੇ ਇਮਾਰਤ ਦੀ ਬੁਲੰਦੀ ਘਟਾਣ ਦੇ ਦੋ ਹੀ ਤਰੀਕੇ ਹਨ। ਜਾਂ ਤਾਂ ਉਸਦੀ ਉਚਾਈ ਨੂੰ ਉੱਤੋਂ ਵੱਢ ਦਿੱਤਾ ਜਾਏ ਜਾਂ ਫ਼ਿਰ ਉਸਦੀ ਚੌੜਾਈ ਵਧਾ ਦਿੱਤੀ ਜਾਏ।  ਅਸੀਂ ਇਹ ਦੂਸਰਾ ਤਰੀਕਾ ਅਪਣਾ ਲਿਆ ਅਤੇ ਨਿਸਚਤ ਕਰ ਲਿਆ ਕਿ ਪੁਰਾਣੇ ਅਤੇ ਇਤਿਹਾਸਕ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਰੂਪ ਵੀ ਸਾਡੇ ਜ਼ਿਹਨ ਵਿਚ ਬਾਕੀ ਨਾ ਰਹਿ ਜਾਏ। ਇਹ ਜ਼ਿੰਦਾ ਯਾਦ ਮਿਟਾ ਕੇ ਹੁਣ ਕਿਹੜੀ ਯਾਦ ਗਾਰ ਬਣਾਣ ਦੇ ਮਨਸੂਬੇ ਹਨ?

ਜ਼ਿੰਦਾ ਕੌਮਾਂ ਨੂੰ ਘੱਲੂਘਾਰੇ ਝੇਲਣੇ ਪੈਂਦੇ ਹਨ ਅਤੇ ਪੈਂਦੇ ਰਹਿਣਗੇ। ਇਸ ਤੋਂ ਪਹਿਲਾਂ ਵੀ ਅਹਿਮਦ ਸ਼ਾਹ ਅਬਦਾਲੀ ਵਲੋਂ ਸਚਿਖੰਡ ਸ੍ਰੀ ਹਰਿਮੰਦਿਰ ਸਾਹਿਬ ਨੂੰ ਬਾਰੂਦ ਨਾਲ ਉਡਾ ਦਿੱਤਾ ਗਿਆ ਸੀ। ਪਰ ਸਾਡੇ ਬਜ਼ੁਰਗਾਂ ਨੂੰ ਸਾਡੇ ਵਾਂਗ ਕਦੇ ਇਹ ਖਿਆਲ ਨਹੀਂ ਆਇਆ ਕਿ ਸਚਿਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਹੁਣ ਪਹਿਲਾਂ ਨਾਲੋ ‘ਵੱਡਾ ਅਤੇ ਸੋਹਣਾ’ ਬਣਾ ਦਿੱਤਾ ਜਾਏ।

ਕਿਸੇ ਯਾਦਗਾਰ ਨੂੰ ਬਣਾਉਣ ਦਾ ਪਹਿਲਾ ਨਿਯਮ ਹੈ ਉਸਦਾ ਸੰਕਲਪ, ਵਿਉਂਤ, ਯੋਜਨਾ ਅਤੇ ਪਰਿਕਲਪਨਾ ਕੀਤੀ ਜਾਏ ਅਤੇ ਫ਼ਿਰ ਉਸਦਾ ਖਾਕਾ ਅਤੇ ਨਕਸ਼ਾ ਤਿਆਰ ਕੀਤਾ ਜਾਏ।  ਇਹ ਸ਼ਾਇਦ ਕੇਵਲ ਸਾਡੇ ਹਿ¤ਸੇ ਹੀ ਆਇਆ ਹੈ ਕਿ ‘ਯਾਦਗਾਰ’ ਦਾ ਨੀਂਹ ਪੱਥਰ ਪਹਿਲਾਂ ਰੱਖ ਦਵੋ ਬਾਕੀ ਸਾਰਾ ਕੁਝ ਬਾਅਦ ਵਿਚ ਹੋ ਜਾਏਗਾ।

ਜੇਕਰ ਯਾਦਗਾਰ ਸਾਂਭਣ ਦਾ ਚੱਜ ਸਿ¤ਖਣਾ ਹੋਏ ਤਾਂ ਯਹੂਦੀਆਂ ਤੋਂ ਬਿਹਤਰ ਕੋਈ ਨਹੀਂ ਸਿਖਾ ਸਕਦਾ। ਉਹਨਾਂ ਨਾਲ ਵਾਪਰੇ ਕਤਲੇ-ਆਮ ਦੇ ਇਕ ਇਕ ਸ਼ਖਸ,  ਕਾਤਲ ਅਤੇ ਮਕਤੂਲ ਦਾ ਰਿਕਾਰਡ ਉਹਨਾਂ ਨੇ ਸਾਂਭ ਲਿਆ ਹੈ। ਯਹੂਦੀਆਂ ਨੇ ਉਹਨਾਂ ਨਾਲ ਵਾਪਰੀ ਨਸਲ-ਕੁਸ਼ੀ ਦੀ ਯਾਦਗਾਰ ਜਰਮਨੀ ਦੇ ਸ਼ਹਿਰ ਬਰਲਿਨ ਵਿਚ ਹਿਟਲਰ ਦੇ ਫ਼ੌਜੀ ਬੰਕਰ ਦੇ ਉੱਤੇ ਕਾਇਮ ਕੀਤੀ ਹੈ। ਸਾਡੇ ਕੋਲ ਘੱਲੂਘਾਰੇ ਦੇ ਸ਼ਹੀਦਾਂ ਦੇ ਰਿਕਾਰਡ ਤਾਂ ਕੀ, ਸਹੀ ਗਿਣਤੀ ਦਾ ਵੀ ਪਤਾ ਨਹੀਂ ਹੈ।  ਤੋਸ਼ੇ-ਖਾਨੇ ਅਤੇ ਲਾਇਬਰੇਰੀ ਦਾ ਕੀ ਨੁਕਸਾਨ ਹੋਇਆ, ਉਸਦਾ ਕੋਈ ਰਿਕਾਰਡ ਹੈ?  ਕੀ ਘੱਟੋ ਘਟ ਇਹ  ਆਂਕੜੇ ਵੀ ਮੌਜੂਦ ਹਨ,  ਯਾਦ ਜਾਂ ਯਾਦਗਾਰ ਤਾਂ ਬਾਅਦ ਦੀ ਗੱਲ ਹੈ।

ਅਸੀਂ ਹੱਥੀ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਗੁਰੂ ਸਾਹਿਬ ਦੀ ਛੋਹ ਪ੍ਰਾਪਤ ਉਹ ਸਾਰੀਆਂ ਇੱਟਾਂ, ਟੁਕੜੇ,  ਇਮਾਰਤੀ ਸਾਮਾਨ ਨੂੰ ‘ਮਲਬਾ’ ਕਹਿ ਕੇ ਕੂੜੇ ਦੇ ਢੇਰ ਵਿਚ ਸੁੱਟ ਦਿੱਤਾ। ਉਹਨਾਂ ਇੱਟਾਂ ਦਾ ਇਕ ਇਕ ਟੁਕੜਾ ਸੋਨੇ ਦੀ ਇੱਟਾਂ ਤੋਂ ਵੱਧ ਕੀਮਤੀ ਹੈ। ਬਹੁਤੀ ਦੇਰ ਨਹੀਂ ਹੋਈ। ਸਾਂਭ ਸਕਦੇ ਹੋ ਤਾਂ ਉਸ ਵਿਰਸੇ ਨੂੰ ਸਾਂਭ ਲਉ!!! ਇਹ ਬਹੁਤ ਵੱਡੀ ਯਾਦਗਾਰ ਜਾਂ ਸੇਵਾ ਹੋਏਗੀ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਕ ਖੁਦਮੁਖਤਿਆਰ ਸੰਸਥਾ ਹੈ ਜਿਸਦਾ ਮੁਖ ਫ਼ਰਜ਼ ਹੈ ਗੁਰਦੁਆਰਾ ਸਾਹਿਬਾਨ ਦਾ ਸੁਚਾਰੂ ਪ੍ਰਬੰਧ ਚਲਾਉਣਾ। ਕਿਸੇ ਆਮ ਗੁਰਦੁਆਰਾ ਸਾਹਿਬ ਵਿਚ ਵੀ ਉਥੋਂ ਦੇ ਪ੍ਰਬੰਧਕਾਂ ਦੀ ਸਹਿਮਤੀ ਜਾਂ ਆਗਿਆ ਦੇ ਬਿਨਾ ਕਿਸੇ ਨੂੰ ਹੱਕ ਨਹੀਂ ਕਿ ਉਹ ਗੁਰਦੁਆਰਾ ਸਾਹਿਬ ਦੀ ਸਟੇਜ ਜਾਂ ਪ੍ਰਬੰਧ ਵਿਚ ਜ਼ਬਰਦਸਤੀ ਕਰਣ ਦੀ ਕੋਸ਼ਿਸ਼ ਕਰੇ। ਇਹ ਕਰਨਾ ਸਪਸ਼ਟ ਤੌਰ ਤੇ ਸੰਗਤ ਅਤੇ ਮਰਯਾਦਾ ਵਿਚ ਖ਼ਲੱਲ ਪਾਉਣਾ ਹੋਏਗਾ।  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ, ਰਾਇ ਜਾਂ ਸੁਝਾਅ ਤਾਂ ਦਿੱਤੇ ਜਾ ਸਕਦੇ ਹਨ, ਉਹਨਾਂ ਦੇ ਪ੍ਰਬੰਧ ਅਤੇ ਪ੍ਰਬੰਧਕੀ ਢਾਂਚੇ ਤੇ ਟੀਕਾ ਟਿੱਪਣੀ ਅਤੇ ਨਿੰਦਾ ਵੀ ਕੀਤੀ ਜਾ ਸਕਦੀ ਹੈ । ਉਹਨਾਂ ਵਿਰੁੱਧ ਲੋਕ ਰਾਇ ਅਤੇ ਅਦਾਲਤੀ ਚਾਰਾਜੋਈ ਵੀ ਕੀਤੀ ਜਾ ਸਕਦੀ ਹੈ।  ਪਰ ਧੱਕੇ ਨਾਲ ਹਰਿਮੰਦਿਰ ਸਾਹਿਬ ਦੇ ਕੰਪਲੈਕਸ ਵਿਚ ਵਿਘਨ ਪਾਉਣਾ ਪੰਥ ਵਿਰੋਧੀ ਕਾਰਵਾਈ ਹੈ ਅਤੇ ਕਦਾਚਿਤ ਵੀ ਜਾਇਜ਼ ਨਹੀਂ ਠਹਿਰਾਈ ਜਾ ਸਕਦੀ।

ਵੈਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੰਦਰੂਨੀ ਅਤੇ ਬੈਰੂਨੀ ਵਿਰੋਧ ਦੇ ਬਾਵਜੂਦ ਇਸ ਘੱਲੂਘਾਰੇ ਵਿਚ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿਚ ਮਿਉਜ਼ੀਅਮ ਵਿਚ ਫੋਟੋ ਗੈਲਰੀ ਕਾਇਮ ਕੀਤੀ ਹੈ। ਕੀ ਇਹ ਉਸ ਯਾਦਗਾਰ ਦਾ ਹਿੱਸਾ ਨਹੀਂ? ਦਰਬਾਰ ਸਾਹਿਬ ਪਰਿਕਰਮਾ ਵਿਚ ਕਾਇਮ ਕਮਰਿਆਂ ਦੈ ਦਰਵਾਜ਼ਿਆਂ ਤੇ ਸ਼ਹੀਦ ਹੋਏ ਸਿੰਘਾਂ ਦੇ ਨਾਮ ਉਕਰਨੇ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਭੌਰਾ ਸਾਹਿਬ ਜਾਂ ਤਹਿਖਾਨੇ ਵਿਚ ਸ਼ਹੀਦੀ ਗੈਲਰੀ ਦੀ ਉਸਾਰੀ ਬਾਰੇ ਵੀ ਸੋਚਿਆ ਜਾ ਸਕਦਾ ਹੈ। ਪਰ ਇਹ ਸਭ ਕੁਝ ਆਪਸੀ ਸਹਿਯੋਗ ਨਾਲ ਨਾ ਕਿ ਵਿਰੋਧ ਨਾਲ।

-ਗੁਰਚਰਨਜੀਤ ਸਿੰਘ ਲਾਂਬਾ

Leave a Reply

Your email address will not be published. Required fields are marked *