ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਸੋਗ ਦਾ ਨਹੀਂ, ਚੜ੍ਹਦੀ ਕਲਾ ਦਾ ਪ੍ਰਤੀਕ
ਡਾ. ਰਿਪੁਦਮਨ ਸਿੰਘ
ਖਾਲਸਾ ਪੰਥ ਦੇ ਸੁਨਹਿਰੀ ਇਤ੍ਹਿਹਾਸ ਦੀ ਇਕ ਇਹਮ ਕੜੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਜੁੜਦੀ ਹੈ। ਇਸ ਲਾਸਾਨੀ ਸ਼ਹਾਦਤ ਨੂੰ ਖਾਲਸਾ ਪੰਥ ਹਰ ਸਾਲ ਮਨਾਉਂਦਾ ਹੈ। ਮਨਾਉਣ ਤੋਂ ਭਾਵ ਯਾਦ ਕਰਨਾ – ਯਾਦ ਕਰਨਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਚਾਰ ਸਾਹਿਬਜ਼ਾਦੇ ਸਾਡੇ ਵਾਸਤੇ ਵਾਰ ਦਿੱਤੇ। ਜਿਸ ਦੀ ਗਵਾਹੀ ਗੁਰੂ ਸਾਹਿਬ ਖੁਦ ਆਪਣੀ ਕਲਮ ਨਾਲ ਜ਼ਫ਼ਰਨਾਮੇ ਵਿਚ ਦਿੰਦੇ ਹਨ। ਜ਼ਫ਼ਰਨਾਮਾ, ਯਾਨੀ ਜਿੱਤ ਦੀ ਚਿੱਠੀ ਜਿਸ ਨੂੰ ਗੁਰੂ ਸਾਹਿਬ ਨੇ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਲਿਖਿਆ। ਉਹ ਸੋਗ ਦੀ ਚਿੱਠੀ ਨਹੀਂ ਬਲਕਿ ਚੜ੍ਹਦੀ ਕਲਾ ਦਾ ਪ੍ਰਤੀਕ, ਅਕਾਲ ਪੁਰਖ ਵਲ ਸ਼ੁਕਰਾਨੇ ਦੀ ਚਿੱਠੀ ਸੀ। ਫਾਰਸੀ ਵਿਚ ਲਿਖੀ ਇਹ ਇਤ੍ਹਿਹਾਸਕ ਚਿੱਠੀ ਉਹ ਦਸਤਾਵੇਜ਼ ਹੈ ਜੋ ਇਨਸਾਨੀ ਪੈਮਾਨਿਆਂ ਨਾਲ ਮਿਣੇ ਜਜ਼ਬਾਤਾਂ ਨੂੰ ਚੂਰ ਕੇ ਰੱਖ ਦਿੰਦੀ ਹੈ। ਇਹ ਚਿੱਠੀ ਕੋਈ ‘ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਯਿਉ‘ ਹੀ ਲਿਖ ਸਕਦਾ ਹੈ। ਛੋਟੇ ਸਾਹਿਬਜ਼ਾਦੇ ਨੀਹਾਂ ਵਿੱਚ ਚੁਣ ਦਿੱਤੇ ਗਏ, ਵੱਡੇ ਸਾਹਿਬਜ਼ਾਦੇ ਆਪਣੇ ਪਿਤਾ ਸਤਿਗੁਰੂ ਦੇ ਪਾਵਨ ਬਚਨਾਂ ‘ਸ਼ੱਤ੍ਰਨ ਸਿਉ ਅਤਿ ਹੀ ਰਨ ਭੀਤਰ ਜੂਝ ਮਰੋ ਤਓ ਸਾਚ ਪਤੀਜੈ‘ ‘ਤੇ ਖਰਾ ਉਤਰਦਿਆਂ ਸ਼ਹਾਦਤ ਪਾ ਗਏ। ਪਰਿਵਾਰ ਵਿਛੜ ਗਯਾ, ਸਿੱਖ ਵਿਛੜ ਗਏ, ਦੁਨਿਯਾਵੀ ਤੌਰ ਤੇ ਗੁਰੂ ਸਾਹਿਬ ਕੋਲ ਕੁਝ ਨਹੀਂ ਰਿਹਾ। ਪਰ ਜ਼ਫ਼ਰਨਾਮੇ ਦੇ ਪਹਿਲੇ ਬੰਦਾਂ ਵਿਚ ਗੁਰੂ ਸਾਹਿਬ ਅਕਾਲਪੁਰਖ ਨਾਲ ਗਿਲਾ ਨਹੀਂ, ਬਲਕਿ ਉਸਦਾ ਸਿਰਫ ਸ਼ੁਕਰਾਨਾ ਹੀ ਕਰਦੇ ਹਨ। ਗੁਰੂ ਸਾਹਿਬ ਫਰਮਾਉਂਦੇ ਹਨ।
ਕਮਾਲੇ ਕਰਾਮਾਤ ਕਾਯਮ ਕਰੀਮ ॥
ਰਜ਼ਾ ਬਖ਼ਸ਼ੋ ਰਾਜ਼ਿਕ ਰਿਹਾਕੋ ਰਹੀਮ ॥੧॥
ਅਕਾਲ ਪੁਰਖ ਕਮਾਲਾਂ ਅਤੇ ਕਰਾਮਾਤਾਂ ਕਰਨ ਵਾਲਾ ਹੈ।
ਉਹ ਬਖਸ਼ਣਹਾਰ ਹੈ ਅਤੇ ਰਜ਼ਾ ਅਤੇ ਪਿਆਰ ਦਾ ਪੁੰਝ ਹੈ।
ਗੁਰੂ ਸਾਹਿਬ ਅੱਗੇ ਫਰਮਾਉਂਦੇ ਹਨ।
ਅਮਾਂ ਬਖ਼ਸ਼ੋ ਬਖ਼ਸ਼ਿੰਦ ਓ ਦਸਤਗੀਰ ॥
ਰਜ਼ਾ ਬਖ਼ਸ਼ ਰੋਜ਼ੀ ਦਿਹੋ ਦਿਲ ਪਜ਼ੀਰ ॥੨॥
ਅਕਾਲਪੁਰਖ ਬਖਸ਼ਿਸ਼ਾਂ ਕਰਨ ਵਾਲਾ ਹੈ। ਉਹ ਦਇਆਵਾਨ ਹੈ ਅਤੇ ਲੋੜਵੰਦਾਂ ਦੀ ਬਾਂਹ ਪਕੜਣ ਵਾਲਾ ਹੈ।
ਉਹ ਲੋਕਾਂ ਨੂੰ ਰੋਜ਼ੀ ਦੇਣ ਵਾਲਾ ਹੈ ਅਤੇ ਉਹਨਾਂ ਦੇ ਦਿਲਾਂ ਵਿੱਚ ਖੁਸ਼ੀਆਂ ਬਖਸ਼ਣ ਵਾਲਾ ਹੈ।
ਐਸੇ ਹਨ ਮੇਰੇ ਸਤਿਗੁਰੂ, ਕਲਗੀਆਂ ਵਾਲੇ ਬਾਦਸ਼ਾਹ, ਜਿਹੜੇ ਸਾਨੂੰ ਸਿਰਫ ਚੜ੍ਹਦੀਆਂ ਕਲਾਵਾਂ ਵਿਚ ਰਹਿਣ ਦਾ ਸੁਨੇਹਾ ਹੀ ਨਹੀਂ ਦਿੰਦੇ ਪਾਰ ਆਪ ਉਸ ਵਿਚ ਵਿਚਰ ਕੇ ਸਾਨੂੰ ਉਸ ਵਿਚ ਵਿਚਰਨ ਦੀ ਜਾਚ ਵੀ ਸਿਖਾਉਂਦੇ ਹਨ।
ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਜਦੋਂ ਕਲਗੀਆਂ ਵਾਲੇ ਖਾਲਸੇ ਦਾ ਜ਼ਿਕਰ ਜ਼ਫ਼ਰਨਾਮੇ ਵਿਚ ਕਰਦੇ ਹਨ ਤਾਂ ਉਹ ਜ਼ਿਕਰ ਇਕ ਭਰੋਸੇ ਦਾ ਹੁੰਦਾ ਹੈ। ਉਹ ਭਰੋਸਾ ਕਿ ਭਾਂਵੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਪਰ ਮੇਰਾ ਖਾਲਸਾ ਅਜੇ ਜੀਉਂਦਾ ਹੈ ਅਤੇ ਸੱਚ ਦੇ ਮਾਰਗ ਤੇ ਤੁਰਦਿਆਂ ਉਹ ਕਦੇ ਡੋਲੇਗਾ ਨਹੀਂ। ਗੁਰੂ ਸਾਹਿਬ ਦੀ ਔਰੰਗਜ਼ੇਬ ਨੂੰ ਲਲਕਾਰ:
ਚਿਹਾ ਸ਼ੁਦ ਕਿ ਚੂੰ ਬੱਚਗਾਂ ਕੁਸ਼ਤਹ ਚਾਰ ॥
ਕਿ ਬਾਕ਼ੀ ਬਿਮਾਂਦਅਸਤੁ ਪੇਚੀਦਹ ਮਾਰ ॥੭੮॥
(ਹੇ ਔਰੰਗਜ਼ੇਬ) ਕਿ ਹੋਇਆ ਜੇ ਤੂੰ ਮੇਰੇ ਚਾਰ ਬੱਚੇ ਮਾਰ ਦਿੱਤੇ
ਹਜੇ ਮੇਰਾ ਨਾਗ ਰੂਪੀ ਖਾਲਸਾ ਜੀਉਂਦਾ ਹੈ।
ਚਿ ਮਰਦੀ ਕਿ ਅਖ਼ਗਰ ਖ਼ਮੋਸ਼ਾਂ ਕੁਨੀ ॥
ਕਿ ਆਤਿਸ਼ ਦਮਾਂ ਰਾ ਫ਼ਰੋਜ਼ਾਂ ਕੁਨੀ ॥੭੯॥
ਇਹ ਕਿਹੋ ਜਿਹੀ ਬਹਾਦੁਰੀ ਹੈ ਕਿ ਤੂੰ ਚਾਰ ਚਿੰਗਾੜੀਆਂ ਨੂੰ ਬੁਝਾ ਕੇ ਇੱਕ ਵੱਡੀ ਅੱਗ (ਖਾਲਸੇ) ਨੂੰ ਹਵਾ ਦੇ ਦਿੱਤੀ ਹੈ।
ਇਹ ਭਰੋਸਾ ਸੀ ਸਤਿਗੁਰੂ ਦਾ ਖਾਲਸੇ ਉੱਪਰ। ਭਰੋਸਾ ਕਿ ਭਾਂਵੇ ਔਰੰਗਜ਼ੇਬ ਨੇ ਚਾਰ ਸਾਹਿਬਜ਼ਾਦੇ ਸ਼ਹੀਦ ਕਰ ਦਿੱਤੇ, ਪਰ ਖਾਲਸਾ ਹਜੇ ਜੀਉਂਦਾ ਹੈ ਅਤੇ ਆਉਣ ਵਾਲੇ ਸਮਿਆਂ ਵਿੱਚ ਇਹ ਖਾਲਸਾ ਹਰ ਔਕੜ ਨੂੰ ਖਿੜੇ ਮੱਥੇ ਪ੍ਰਵਾਨ ਕਰੇਗਾ। ਸਾਹਿਬਜ਼ਾਦਿਆਂ ਦੀ ਸ਼ਹੀਦੀ ਸੋਗ ਦਾ ਪ੍ਰਤੀਕ ਨਹੀਂ, ਨਾਂ ਹੀ ਅਸੀਂ ਇਸ ਸ਼ਹਾਦਤ ਨੂੰ ਸੋਗ ਵਿਚ ਬਦਲ ਕੇ ਉਸ ਦਾ ਅਪਮਾਨ ਕਰਨਾ ਹੈ। ਇਹ ਲਾਸਾਨੀ ਸ਼ਹਾਦਤ ਸੱਚ ਦੀ ਝੂਠ ਉਤੇ ਜਿੱਤ ਦਾ ਪ੍ਰਤੀਕ ਹੈ। ਇਹ ਬਲੀਦਾਨ ਦਾ ਪ੍ਰਤੀਕ ਹੈ। ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਗੁਰੂ ਸਾਹਿਬ ਦਾ ਖਾਲਸੇ ਉੱਤੇ ਭਰੋਸੇ ਦਾ ਪ੍ਰਤੀਕ ਹੈ। ਅਤੇ ਨਾ ਹੀ ਅਸੀਂ ਇਸ ਇਤਿਹਾਸਕ ਦਿਹਾੜੇ ਨੂੰ ਗਮੀ ਅਤੇ ਸੋਗ ਵਿਚ ਗੁਜ਼ਾਰੀਏ। ਖਾਲਸਾ ਤਾਂ ਸ਼ਹੀਦੀ ਦਿਹਾੜੀਆਂ ’ਤੇ ਜੋੜ ਮੇਲੇ ਮਨਾਉਂਦਾ ਹੈ।
ਦੁਖੁ ਨਾਹੀ ਸਭੁ ਸੁਖੁ ਹੀ ਹੈ ਰੇ ਏਕੈ ਏਕੀ ਨੇਤੈ ॥
ਬੁਰਾ ਨਹੀ ਸਭੁ ਭਲਾ ਹੀ ਹੈ ਰੇ ਹਾਰ ਨਹੀ ਸਭ ਜੇਤੈ ॥੧॥
ਸੋਗੁ ਨਾਹੀ ਸਦਾ ਹਰਖੀ ਹੈ ਰੇ ਛੋਡਿ ਨਾਹੀ ਕਿਛੁ ਲੇਤੈ ॥
ਕਹੁ ਨਾਨਕ ਜਨੁ ਹਰਿ ਹਰਿ ਹਰਿ ਹੈ ਕਤ ਆਵੈ ਕਤ ਰਮਤੈ ॥੨॥੩॥੨੨॥ (ਅੰਗ 1302)
ਗੁਰੂ ਕੇ ਸਿੱਖ ਵਾਸਤੇ ਦੁੱਖ ਅਤੇ ਸੁੱਖ ਵਿਚ ਕੋਈ ਜ਼ਿਆਦਾ ਅੰਤਰ ਨਹੀਂ। ਇਸੇ ਕਰਕੇ ਖਾਲਸੇ ਦੀ ਨਿੱਤ ਦੀ ਅਰਦਾਸ ਅਕਾਲਪੁਰਖ ਅੱਗੇ ਭਾਣਾ ਮੰਨਣ ਦੀ ਹੁੰਦੀ ਹੈ। ਇਹ ਹੈ ਗੁਰੂ ਸਾਹਿਬਾਨ ਦੀ ਛੋਹ ਪ੍ਰਾਪਤ ਚੜ੍ਹਦੀ ਕਲਾ ਜਿਹੜੀ ਉਹਨਾਂ ਸਾਡੀ ਝੋਲੀ ਪਾਈ ਹੈ।
ਆਓ ਰਲ ਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਆਪਣੇ ਹਿਰਦਿਆਂ ਵਿਚ ਵਸਾਈਏ। ਅਤੇ ਗੁਰੂ ਪਿਤਾ ਕੋਲ ਅਰਦਾਸ ਕਰੀਏ ਕਿ ‘ਹੇ ਕਲਗੀਆਂ ਵਾਲਿਆ ਜਿਹੜਾ ਭਰੋਸਾ ਤੂੰ ਸਾਡੇ ’ਤੇ ਰੱਖਿਆ, ਅਜ ਉਸ ਭਰੋਸੇ ਤੇ ਖਰਾ ਉਤਰਨ ਦਾ ਬੱਲ ਬਖਸ਼। ਇਸ ਵਿਚ ਸਾਡੇ ਦੋਨਾਂ ਦੀ ਜਵਾਬਦੇਹੀ ਹੈ।
***